ਨਵੀਂ ਦਿੱਲੀ: ਬ੍ਰਿਟੇਨ ਵਿੱਚ ਅੱਜ ਤੋਂ ਇੰਡੀਆ ਗਲੋਬਲ ਵੀਕ 2020 ਸ਼ੁਰੂ ਹੋ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਡੀਓ ਲਿੰਕ ਰਾਹੀਂ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ। ਇਸ ਦੌਰਾਨ ਉਨ੍ਹਾਂ ਦਾ ਭਾਸ਼ਣ ਪਹਿਲਾਂ ਹੋਵੇਗਾ। ਮੰਨਿਆ ਜਾ ਰਿਹਾ ਹੈ ਕਿ ਇਸ ਮੌਕੇ ਮੋਦੀ ਭਾਰਤ ਵਿਚ ਵਪਾਰ ਅਤੇ ਵਿਦੇਸ਼ੀ ਨਿਵੇਸ਼ਾਂ ਦਾ ਜ਼ਿਕਰ ਕਰ ਸਕਦੇ ਹਨ।
ਪ੍ਰਧਾਨ ਮੰਤਰੀ ਦਫਤਰ (ਪੀਐਮਓ) ਦੁਆਰਾ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਤਿੰਨ ਦਿਨਾਂ ਤੱਕ ਚੱਲਣ ਵਾਲੇ ਇਸ ਆਯੋਜਨ ਦਾ ਵਿਸ਼ਾ ਹੈ 'ਬੀ ਦਿ ਰਿਵਾਇਵਲ: ਇੰਡੀਆ ਐਂਡ ਏ ਬੈਟਰ ਨਿਊ ਵਰਲਡ'। ਇਸ ਵਿੱਚ 30 ਦੇਸ਼ਾਂ ਦੇ 5000 ਗਲੋਬਲ ਪ੍ਰਤੀਭਾਗੀਆਂ ਨੂੰ 75 ਸੈਸ਼ਨਾਂ ਵਿੱਚ 250 ਗਲੋਬਲ ਬੁਲਾਰੇ ਸੰਬੋਧਨ ਕਰਨਗੇ।
ਪੀਐਮ ਮੋਦੀ ਨੇ ਟਵੀਟ ਕਰਦਿਆਂ ਲਿਖਿਆ, "ਮੈਂ ਦੁਪਹਿਰ 1.30 ਵਜੇ ਇੰਡੀਆ ਇੰਕ ਕਾਰਪੋਰੇਸ਼ਨ ਦੁਆਰਾ ਆਯੋਜਿਤ ਇੰਡੀਆ ਗਲੋਬਲ ਵੀਕ ਨੂੰ ਸੰਬੋਧਨ ਕਰਾਂਗਾ। ਇਹ ਫੋਰਮ ਵਿਸ਼ਵਵਿਆਪੀ ਸੋਚ ਵਾਲੇ ਆਗੂਆਂ ਅਤੇ ਉਦਯੋਗ ਜਗਤ ਦੇ ਕਪਤਾਨਾਂ ਨੂੰ ਇੱਕਠੇ ਕਰਦਾ ਹੈ ਜੋ ਕੋਵਿਡ-19 ਮਹਾਂਮਾਰੀ ਦੇ ਬਾਅਦ ਵਿਸ਼ਵਵਿਆਪੀ ਆਰਥਿਕਤਾ ਨੂੰ ਮੁੜ ਸੁਰਜੀਤ ਕਰਨ ਅਤੇ ਭਾਰਤ ਦੀਆਂ ਚੁਣੌਤੀਆਂ ਦੇ ਵੱਖ-ਵੱਖ ਪਹਿਲੂਆਂ 'ਤੇ ਚਰਚਾ ਕਰਨਗੇ।"
ਬਿਆਨ ਵਿਚ ਕਿਹਾ ਗਿਆ ਹੈ ਕਿ ਇਸ ਸਮਾਗਮ ਵਿਚ ਹਿੱਸਾ ਲੈਣ ਵਾਲੇ ਹੋਰ ਬੁਲਾਰਿਆਂ ਵਿਚ ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ, ਰੇਲਵੇ, ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ, ਜੰਮੂ-ਕਸ਼ਮੀਰ ਦੇ ਜੀਸੀ ਮਰਮੂ, ਈਸ਼ਾ ਫਾਊਂਡੇਸ਼ਨ ਦੇ ਸੰਸਥਾਪਕ ਸਦਗੁਰੂ ਅਤੇ ਅਧਿਆਤਮਕ ਆਗੂ ਸ੍ਰੀ ਸ੍ਰੀ ਰਵੀ ਸ਼ੰਕਰ ਸ਼ਾਮਲ ਹਨ।