ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੌਮਾਂਤਰੀ ਮਹਿਲਾ ਦਿਵਸ ਮੌਕੇ ਮਹਿਲਾ ਸ਼ਕਤੀ ਪੁਰਸਕਾਰ ਜੇਤੂਆਂ ਨਾਲ ਗੱਲਬਾਤ ਕਰਨਗੇ। ਇਸ ਮੌਕੇ ਪੀਐੱਮ ਨੇ ਕੁਝ ਸਮਾਂ ਪਹਿਲਾਂ ਆਪਣੇ ਸੋਸ਼ਲ ਮੀਡੀਆ ਅਕਾਉਂਟ ਦੀ ਕਮਾਨ 7 ਔਰਤਾਂ ਨੂੰ ਸੌਂਪੀ ਹੈ। ਇਸ ਦੇ ਨਾਲ ਹੀ ਪੀਐਮ ਮੋਦੀ ਨੇ ਟਵਿੱਟ ਕੀਤਾ, 'ਕੌਮਾਂਤਰੀ ਮਹਿਲਾ ਦਿਵਸ ਮੌਕੇ ਔਰਤਾਂ ਨੂੰ ਵਧਾਈਆਂ। ਅਸੀਂ ਆਪਣੀ ਨਾਰੀ ਸ਼ਕਤੀ ਦੀ ਭਾਵਨਾ ਤੇ ਪ੍ਰਾਪਤੀਆਂ ਨੂੰ ਸਲਾਮ ਕਰਦੇ ਹਾਂ. ਜਿਵੇਂ ਕਿ ਮੈਂ ਕੁਝ ਦਿਨ ਪਹਿਲਾਂ ਕਿਹਾ ਸੀ, ਮੈਂ ਹੁਣ ਸੋਸ਼ਲ ਮੀਡੀਆ ਅਕਾਊਂਟ ਛੱਡ ਰਿਹਾ ਹਾਂ। ਅੱਜ ਸਾਰਾ ਦਿਨ 7 ਔਰਤਾਂ ਤੁਹਾਡੇ ਨਾਲ ਆਪਣੀ ਜ਼ਿੰਦਗ ਬਾਰੇ ਗੱਲਾਂ ਸਾਂਝੀਆਂ ਕਰਨਗੀਆਂ ਤੇ ਸ਼ਾਇਦ ਉਹ ਮੇਰੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਤੁਹਾਡੇ ਨਾਲ ਗੱਲ ਵੀ ਕਰਨਗੀਆਂ।
ਇਸ ਤੋਂ ਇਲਾਵਾ ਕੌਮਾਂਤਰੀ ਮਹਿਲਾ ਦਿਵਸ ਮੌਕੇ ਪ੍ਰਧਾਨ ਮੰਤਰੀ ਦੇ ਟਵਿੱਟਰ ਅਕਾਊਂਟ ਦਾ ਸੰਚਾਲਨ ਔਰਤਾਂ ਕਰਨਗੀਆਂ। ਉੱਥੇ ਹੀ ਤੇਲੰਗਾਨਾ ਦੀ ਰਹਿਣ ਵਾਲੀ ਭੂਦੇਵੀ ਨਾਰੀ ਸ਼ਕਤੀ ਪੁਰਸਕਾਰ ਪ੍ਰਾਪਤ ਕਰੇਗੀ।
ਦੱਸ ਦਈਏ, ਸਰਕਾਰ ਹਰ ਸਾਲ ਵਿਸ਼ੇਸ਼ ਤੌਰ 'ਤੇ ਵੰਚਿਤ ਤੇ ਕਮਜ਼ੋਰ ਵਰਗ ਦੀਆਂ ਔਰਤਾਂ ਨੂੰ ਸਸ਼ਕਤੀਕਰਨ ਦੇ ਖੇਤਰ ਵਿਚ ਕੰਮ ਕਰਨ ਵਾਲੀਆਂ ਔਰਤਾਂ, ਸਮੂਹਾਂ ਤੇ ਸੰਗਠਨਾਂ ਨੂੰ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕਰਦੀ ਹੈ। ਇਸ ਤੋਂ ਪਹਿਲਾਂ ਰਾਸ਼ਟਰਪਤੀ ਭਵਨ ਵਿਖੇ ਇਕ ਸਮਾਗਮ ਦੌਰਾਨ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਰੀ ਸ਼ਕਤੀ ਪੁਰਸਕਾਰ ਭੇਟ ਕਰਨਗੇ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੌਮਾਂਤਰੀ ਮਹਿਲਾ ਦਿਵਸ ਮੌਕੇ ਪਹਿਲੀ ਵਾਰੀ ਨਾਰੀ ਸ਼ਕਤੀ ਪ੍ਰਤੀ ਸਤਿਕਾਰ ਵਿਖਾਉਣ ਲਈ ਸੋਸ਼ਲ ਮੀਡੀਆ ਦੇ ਆਪਣੇ ਸਾਰੇ ਮਾਧਿਅਮ ਔਰਤਾਂ ਨੂੰ ਸਮਰਪਿਤ ਕਰਨਗੇ। ਖ਼ੁਦ ਔਰਤਾਂ ਮੋਦੀ ਦੇ ਸਾਰੇ ਸੋਸ਼ਲ ਮੀਡੀਆ ਪਲੇਟਫ਼ਾਰਮਜ਼ 'ਤੇ ਕੰਮ ਕਰਨਗੀਆਂ।
ਮਹੱਤਵਪੂਰਣ ਗੱਲ ਇਹ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਸੋਮਵਾਰ ਨੂੰ ਇੱਕ ਟਵਿੱਟ ਰਾਹੀਂ ਕਿਹਾ ਸੀ ਕਿ ਉਹ ਸੋਸ਼ਲ ਮੀਡੀਆ ਛੱਡਣ ਬਾਰੇ ਸੋਚ ਰਹੇ ਹਨ। ਪਰ ਇੱਕ ਦਿਨ ਬਾਅਦ ਹੀ ਮੰਗਲਵਾਰ ਨੂੰ ਉਨ੍ਹਾਂ ਨੇ ਖ਼ੁਲਾਸਾ ਕੀਤਾ ਕਿ 8 ਮਾਰਚ ਨੂੰ ਮਹਿਲਾ ਦਿਵਸ ਮੌਕੇ 'ਤੇ ਆਪਣਾ ਅਕਾਊਂਟ ਅਜਿਹੀਆਂ ਔਰਤਾਂ ਨੂੰ ਦੇਣਗੇ ਜਿਨ੍ਹਾਂ ਦੀ ਜ਼ਿੰਦਗੀ ਸਾਨੂੰ ਪ੍ਰੇਰਿਤ ਕਰਦੀ ਹੈ।