ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਫੌਜੀਆਂ ਨਾਲ ਦੀਵਾਲੀ ਮਨਾਉਣਗੇ। ਇਸ ਦੇ ਲਈ ਪੀਐੱਮ ਮੋਦੀ ਐਤਵਾਰ ਦੁਪਹਿਰ ਨੂੰ ਜੰਮੂ-ਕਸ਼ਮੀਰ ਦੇ ਰਾਜੌਰੀ ਸੈਕਟਰ ਪਹੁੰਚੇ। ਖ਼ਾਸ ਗੱਲ ਇਹ ਹੈ ਕਿ ਧਾਰਾ 370 ਹਟਾਏ ਜਾਣ ਤੋਂ ਬਾਅਦ ਮੋਦੀ ਪਹਿਲੀ ਵਾਰ ਜੰਮੂ ਕਸ਼ਮੀਰ ਪਹੁੰਚੇ ਹਨ। ਪੀਐਮ ਮੋਦੀ ਇਥੇ ਕੰਟਰੋਲ ਰੇਖਾ (ਐਲਓਸੀ) ਨੇੜੇ ਫ਼ੌਜੀਆਂ ਨਾਲ ਦੀਵਾਲੀ ਮਨਾਉਣਗੇ। ਦੱਸਣਯੋਗ ਹੈ ਕਿ ਪੀਐੱਮ ਮੋਦੀ ਨੇ ਅਹੁਦਾ ਸੰਭਾਲਣ ਤੋਂ ਬਾਅਦ ਹਰ ਵਾਰ ਫ਼ੌਜੀਆਂ ਨਾਲ ਹੀ ਦੀਵਾਲੀ ਮਨਾਈ ਹੈ।
ਪੀਐਮ ਮੋਦੀ ਇਸ ਤੋਂ ਪਹਿਲਾਂ 5 ਵਾਰ ਜਵਾਨਾਂ ਨਾਲ ਦੀਵਾਲੀ ਮਨਾ ਚੁੱਕੇ ਹਨ। ਮੋਦੀ ਨੇ ਕਿਹਾ ਕਿ ਉਹ ਫੌਜੀਆਂ ਨੂੰ ਆਪਣਾ ਪਰਿਵਾਰ ਮੰਨਦੇ ਹਨ। ਸਾਲ 2018 ਵਿੱਚ, ਪ੍ਰਧਾਨ ਮੰਤਰੀ ਮੋਦੀ ਨੇ ਭਾਰਤ-ਚੀਨ ਸਰਹੱਦ ਨੇੜੇ ਫੌਜ ਅਤੇ ਆਈਟੀਬੀਪੀ ਦੇ ਜਵਾਨਾਂ ਨਾਲ ਦੀਵਾਲੀ ਮਨਾਈ ਸੀ।
2014 ਵਿੱਚ ਪੀਐਮ ਮੋਦੀ ਨੇ ਸਿਆਚਿਨ ਵਿੱਚ ਫੌਜੀਆਂ ਨਾਲ ਦੀਵਾਲੀ ਮਨਾਈ। 2015 ਵਿੱਚ ਪ੍ਰਧਾਨ ਮੰਤਰੀ ਪੰਜਾਬ ਦੀ ਸਰਹੱਦ 'ਤੇ ਪਹੁੰਚੇ। 2016 'ਚ ਪ੍ਰਧਾਨ ਮੰਤਰੀ ਨੇ ਹਿਮਾਚਲ ਪ੍ਰਦੇਸ਼ ਵਿੱਚ ਇੰਡੋ-ਤਿੱਬਤੀ ਬਾਰਡਰ ਪੁਲਿਸ ਦੇ ਜਵਾਨਾਂ ਨਾਲ ਦੀਵਾਲੀ ਮਨਾਈ ਸੀ। 2017 ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਜੰਮੂ ਅਤੇ ਕਸ਼ਮੀਰ ਦੇ ਗੁਰੇਜ਼ ਵਿੱਚ ਜਵਾਨਾਂ ਨਾਲ ਦੀਵਾਲੀ ਮਨਾਈ।
ਐਤਵਾਰ ਨੂੰ ਪ੍ਰਧਾਨ ਮੰਤਰੀ ਮੋਦੀ 'ਮਨ ਕੀ ਬਾਤ' ਪ੍ਰੋਗਰਾਮ ਵੀ ਪ੍ਰਸਾਰਿਤ ਕੀਤਾ ਗਿਆ ਜਿਸ ਵਿੱਚ ਮੋਦੀ ਨੇ ਦੀਵਾਲੀ ਦਾ ਜ਼ਿਕਰ ਕੀਤਾ। ਦੇਸ਼ ਵਾਸੀਆਂ ਨੂੰ ਦਿਵਾਲੀ ਦੀ ਵਧਾਈ ਦਿੰਦੇ ਹੋਏ ਮੋਦੀ ਨੇ ਸਥਾਨਕ ਲੋਕਾਂ ਅਤੇ ਕਾਰੀਗਰਾਂ ਤੋਂ ਸਮਾਨ ਖਰੀਦਣ ਦੀ ਅਪੀਲ ਕੀਤੀ। ਮੋਦੀ ਨੇ ਅੱਗੇ ਕਿਹਾ ਕਿ ਇਸ ਦੀਵਾਲੀ ਦੁਸ਼ਮਣੀ ਦੀ ਭਾਵਨਾ ਨੂੰ ਖ਼ਤਮ ਕਰਨਾ ਚਾਹੀਦਾ ਹੈ।
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਦੀਵਾਲੀ ਦੀ ਸ਼ੁਭਕਾਮਨਾ ਦਿੱਤੀ। ਉਨ੍ਹਾਂ ਟਵੀਟ 'ਚ ਲਿਖਿਆ, 'ਦੀਪਵਾਲੀ ਦੇ ਸ਼ੁੱਭ ਮੌਕੇ 'ਤੇ ਦੇਸ਼ ਵਾਸੀਆਂ ਨੂੰ ਬਹੁਤ ਸਾਰੀਆਂ ਸ਼ੁੱਭਕਾਮਨਾਵਾਂ ਦਿੱਤੀਆਂ।