ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਦੁਨੀਆ ਵਿੱਚ ਨਿਵੇਸ਼ ਲਈ ਸਭ ਤੋਂ ਵਧੀਆ ਥਾਂ ਹੈ। ਇਥੇ ਰਾਜਨੀਤਕ ਸਥਿਰਤਾ ਦੇ ਨਾਲ ਨੀਤੀਗਤ ਮਾਮਲਿਆਂ ਵਿੱਚ ਇੱਕ ਭਰੋਸਾ ਹੈ ਅਤੇ ਇਹ ਚੀਜਾਂ ਕੋਵਿਡ-19 ਮਹਾਂਮਾਰੀ ਤੋਂ ਬਾਅਦ ਭਾਰਤ ਨੂੰ ਨਿਵੇਸ਼ ਦੇ ਲਿਹਾਜ ਨਾਲ ਸਭ ਤੋਂ ਵਧੀਆ ਸਥਾਨ ਬਣਾਉਂਦੀਆਂ ਹਨ।
ਮੋਦੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਅਮਰੀਕਾ-ਭਾਰਤ ਰਣਨੀਤਕ ਸਾਂਝੇਦਾਰੀ ਮੰਚ ਨੂੰ ਸੰਬੋਧਨ ਕਰਦੇ ਹੋਏ ਆਪਣੀ ਸਰਕਾਰ ਦੇ ਸੁਧਾਰਾਂ ਦੀ ਦਿਸ਼ਾ ਵਿੱਚ ਚੁੱਕੇ ਗਏ ਕਦਮਾਂ ਦਾ ਜ਼ਿਕਰ ਕੀਤਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਭਾਰਤ ਇੱਕ ਮਜ਼ਬੂਤ ਲੋਕਤੰਤਰਿਕ ਅਤੇ ਵਿਭਿੰਨਤਾ ਵਾਲਾ ਦੇਸ਼ ਹੈ ਅਤੇ ਇਸ ਵਿੱਚ ਪਿਛਲੇ ਮਹੀਨਿਆਂ ਵਿੱਚ ਦੂਰ-ਅੰਦੇਸ਼ੀ ਸੁਧਾਰ ਕੀਤੇ ਗਏ ਹਨ।
ਮੋਦੀ ਨੇ ਕਿਹਾ ਕਿ ਮੌਜੂਦਾ ਸਥਿਤੀ ਇੱਕ ਨਵੀਂ ਮਾਨਸਿਕਤਾ ਦੀ ਮੰਗ ਕਰਦੀ ਹੈ। ਇੱਕ ਮਾਨਸਿਕਤਾ ਜਿਸਦਾ ਨਜ਼ਰੀਆ ਵਿਕਾਸ ਲਈ ਮਨੁੱਖ ਕੇਂਦਰਿਤ ਹੋਵੇ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਪਹਿਲਾ ਅਜਿਹਾ ਦੇਸ਼ ਸੀ, ਜਿਸ ਨੇ ਸਭ ਤੋਂ ਪਹਿਲਾਂ ਮਾਸਕ ਦੀ ਵਰਤੋਂ ਅਤੇ ਮੂੰਹ ਢਕੇ ਜਾਣ ਨੂੰ ਇੱਕ ਹੈਲਥ ਮੇਜਰ ਦੀ ਤਰ੍ਹਾਂ ਲਿਆ। ਅਸੀਂ ਸਭ ਤੋਂ ਪਹਿਲਾਂ ਸਮਾਜਿਕ ਦੂਰੀ ਲਈ ਲੋਕ ਜਾਗਰੂਕਤਾ ਅਭਿਆਨ ਚਲਾਏ ਸਨ।
ਦੁਨੀਆ ਭਰ ਦੇ ਨਿਵੇਸ਼ਕਾਂ ਲਈ ਭਾਰਤ ਸਭ ਤੋਂ ਵਧੀਆ ਸਥਾਨ: ਪ੍ਰਧਾਨ ਮੰਤਰੀ ਮੋਦੀ ਯੂ.ਐਸ.-ਇੰਡੀਆ ਰਣਨੀਤਕ ਸਾਂਝੇਦਾਰੀ ਮੰਚ ਦੇ ਤੀਜੇ ਸਾਲਾਨਾ ਅਗਵਾਈ ਸ਼ਿਖਰ ਸੰਮੇਲਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਗੇ ਕੋਰੋਨਾ ਮਹਾਂਮਾਰੀ ਉਪਰ ਆਪਣੀ ਗੱਲ ਰੱਖੀ। ਭਾਰਤ ਵਿੱਚ ਕੋਰੋਨਾ ਮਹਾਂਮਾਰੀ 'ਤੇ ਬੋਲਦਿਆਂ ਉਨ੍ਹਾਂ ਦੱਸਿਆ ਕਿ, ਦੇਸ਼ ਵਿੱਚ 1.3 ਅਰਬ ਲੋਕ ਹਨ, ਜਦਕਿ ਸਾਧਨ ਸੀਮਤ ਹਨ। ਇਸਦੇ ਬਾਵਜੂਦ ਭਾਰਤ ਵਿੱਚ ਦੁਨੀਆ ਦੀ ਤੁਲਨਾ ਵਿੱਚ ਪ੍ਰਤੀ ਮਿਲੀਅਨ ਮੌਤ ਦਰ ਸਭ ਤੋਂ ਘੱਟ ਹੈ। ਰਿਕਵਰੀ ਰੇਟ ਵੀ ਤੇਜ਼ੀ ਨਾਲ ਵੱਧ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਮਹਾਂਮਾਰੀ ਨੇ ਕਈ ਚੀਜ਼ਾਂ ਨੂੰ ਪ੍ਰਭਾਵਤ ਕੀਤਾ ਹੈ ਪਰ ਇਸ ਨੇ 1.3 ਅਰਬ ਭਾਰਤੀਆਂ ਦੀਆਂ ਇੱਛਾਵਾਂ ਨੂੰ ਪ੍ਰਭਾਵਤ ਨਹੀਂ ਕੀਤਾ ਹੈ। ਕੋਰੋਨਾ ਸੰਕਟ ਅਤੇ ਲੌਕਡਾਊਨ ਦੌਰਾਨ ਭਾਰਤ ਸਰਕਾਰ ਦਾ ਇੱਕ ਹੀ ਮਕਸਦ ਸੀ ਗ਼ਰੀਬਾਂ ਦੀ ਰੱਖਿਆ ਕਰਨਾ। ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਪੂਰੇ ਵਿਸ਼ਵ ਦੀ ਸਭ ਤੋਂ ਵੱਡੀ ਸਮਰਥਨ ਪ੍ਰਣਾਲੀ ਹੈ, ਜਿਸ ਤਹਿਤ 800 ਮਿਲੀਅਨ ਲੋਕਾਂ ਨੂੰ ਖਾਧ ਪਦਾਰਥ ਮੁਹੱਈਆ ਕਰਵਾਇਆ ਜਾਂਦਾ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਨੇ ਵਪਾਰ ਨੂੰ ਸੌਖਾ ਬਣਾਉਣ ਅਤੇ ਲਾਲ ਫੀਤਾਸ਼ਾਹੀ ਨੂੰ ਘੱਟ ਕਰਨ ਲਈ ਦੂਰਅੰਦੇਸ਼ੀ ਸੁਧਾਰ ਕੀਤੇ ਹਨ। ਉਨ੍ਹਾਂ ਕਿਹਾ ਕਿ ਭਾਰਤ ਲੋਕਤੰਤਰ ਲਈ ਪ੍ਰਤੀਬੱਧਤਾ ਅਤੇ ਵਿਭਿੰਨਤਾ ਨਾਲ ਰਾਜਨੀਤਕ ਸਥਿਰਤਾ ਅਤੇ ਨੀਤੀਆਂ ਦੀ ਨਿਰੰਤਰਤਾ ਵਾਲਾ ਦੇਸ਼ ਹੈ।