ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਰੇਡਿਓ ਪ੍ਰੋਗਰਾਮ ਮਨ ਕੀ ਬਾਤ ਵਿੱਚ ਦੇਸੀ ਕੁੱਤਿਆਂ ਨੂੰ ਪਾਲਣ ਦਾ ਸੁਝਾਅ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਅਗਲੀ ਵਾਰ ਜਦ ਤੁਸੀਂ ਘਰ ਵਿੱਚ ਪਾਲਤੂ ਕੁੱਤਾ ਰੱਖਣ ਦੇ ਬਾਰੇ ਸੋਚ ਰਹੇ ਹੋ ਤਾਂ ਤੁਹਾਨੂੰ ਭਾਰਤੀ ਨਸਲ ਦੇ ਕੁੱਤਿਆਂ ਬਾਰੇ ਸੋਚਣਾ ਚਾਹੀਦਾ ਹੈ। ਭਾਰਤ ਆਤਮ-ਨਿਰਭਰ ਬਣ ਰਿਹਾ ਹੈ, ਤਾਂ ਕਿਸੇ ਵੀ ਖੇਤਰ ਵਿੱਚ ਦੇਸ਼ ਨੂੰ ਪਿੱਛੇ ਨਹੀਂ ਰਹਿਣਾ ਚਾਹੀਦਾ।
ਉਨ੍ਹਾਂ ਨੇ ਕਿਹਾ ਕਿ ਮੈਨੂੰ ਇਹ ਦੱਸਿਆ ਗਿਆ ਹੈ ਕਿ ਭਾਰਤੀ ਨਸਲ ਦੇ ਕੁੱਤੇ ਬਹੁਤ ਵਧੀਆ ਹੁੰਦੇ ਹਨ ਅਤੇ ਬਹੁਤ ਸਮਰੱਥ ਹੁੰਦੇ ਹਨ। ਭਾਰਤੀ ਨਸਲ ਦੇ ਕੁੱਤਿਆਂ ਵਿੱਚ ਮੁਧੋਲ ਹਾਉਂਡ ਅਤੇ ਹਿਮਾਚਲੀ ਹਾਉਂਡ ਹਨ, ਜੋ ਬਹੁਤ ਹੀ ਵਧੀਆ ਨਸਲਾਂ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਜਾਪਲਾਇਮ, ਕੰਨੀ, ਚਿੱਪੀਪਰਾਈ ਅਤੇ ਕੋਮਬਾਈ ਵੀ ਬਹੁਤ ਸ਼ਾਨਦਾਰ ਭਾਰਤੀ ਨਸਲਾਂ ਹਨ। ਇਨ੍ਹਾਂ ਨੂੰ ਪਾਲਣ ਉੱਤੇ ਖ਼ਰਚ ਵੀ ਘੱਟ ਆਉਂਦਾ ਹੈ ਅਤੇ ਇਹ ਭਾਰਤੀ ਮਾਹੌਲ ਵਿੱਚ ਢਲੇ ਹੋਏ ਹੁੰਦੇ ਹਨ।