ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁਰਗਾ ਪੂਜਾ ਦੇ ਮੌਕੇ 'ਤੇ ਪੱਛਮੀ ਬੰਗਾਲ ਦੇ ਲੋਕਾਂ ਲਈ ਵਿਸ਼ੇਸ਼ ਸ਼ੁੱਭਕਾਮਨਾਵਾਂ ਦਾ ਸੰਦੇਸ਼ ਦਿੱਤਾ। ਵੀਡੀਓ ਕਾਨਫ਼ਰੰਸ ਦੇ ਜ਼ਰੀਏ ਪ੍ਰਧਾਨ ਮੰਤਰੀ ਨੇ 'ਪੁਜਾਰੀ ਸ਼ੁਭੇਛਾ' (ਪੂਜਾ ਦੀਆਂ ਸ਼ੁੱਭਕਾਮਨਾਵਾਂ) ਪ੍ਰੋਗਰਾਮ ਦੇ ਤਹਿਤ ਰਾਜ ਵਿੱਚ ਦੁਰਗਾ ਪੂਜਾ ਉਤਸਵ ਦੀ ਸ਼ੁਰੂਆਤ ਦੇ ਮੌਕੇ 'ਤੇ ਲੋਕਾਂ ਨੂੰ ਸੰਦੇਸ਼ ਦਿੱਤਾ। ਪ੍ਰਧਾਨ ਮੰਤਰੀ ਨੇ ਪੱਛਮੀ ਬੰਗਾਲ ਦੇ ਮਹਾਂਪਤੀ ਤੋਂ ਦੁਰਗਾ ਪੂਜਾ ਉਤਸਵ ਦੇ ਮੌਕੇ 'ਤੇ ਆਤਮ-ਨਿਰਭਰ ਭਾਰਤ ਦੇ ਸੰਕਲਪ ਨਾਲ ਸੋਨਾਰ ਬੰਗਲਾ ਦੇ ਸੰਕਲਪ ਨੂੰ ਪੂਰਾ ਕਰਨ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਇਸ ਨਾਲ ਰਾਜ ਦੀ ਅਮੀਰ ਅਤੇ ਸੰਪੰਨ ਵਿਰਾਸਤ ਨੂੰ ਨਵੀਂਆਂ ਉਚਾਈਆਂ ਉੱਤੇ ਪਹੁੰਚਾਉਣਾ ਹੈ।
ਇਸ ਦੌਰਾਨ ਉਨ੍ਹਾਂ ਕਿਹਾ ਕਿ ਬੰਗਾਲ ਦੇ ਲੋਕਾਂ ਨੂੰ ਮੁਢਲੀਆਂ ਸਹੂਲਤਾਂ ਦੇਣ ਲਈ ਨਿਰੰਤਰ ਕੰਮ ਕੀਤਾ ਜਾ ਰਿਹਾ ਹੈ। ਪੂਰਬੀ ਭਾਰਤ ਦੇ ਵਿਕਾਸ ਲਈ ਨਿਰੰਤਰ ਫ਼ੈਸਲੇ ਲੈਂਦੇ ਹੋਏ ਕੇਂਦਰ ਸਰਕਾਰ ਨੇ ਪੁਰਵੋਦਿਆ ਦਾ ਮੰਤਰ ਅਪਣਾਇਆ ਹੈ। ਪੁਰਵੋਦਿਆ ਦੇ ਇਸ ਮਿਸ਼ਨ ਵਿੱਚ ਪੱਛਮੀ ਬੰਗਾਲ ਨੇ ਇੱਕ ਮਹੱਤਵਪੂਰਣ ਭੂਮਿਕਾ ਨਿਭਾਉਣੀ ਹੈ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਪੱਛਮੀ ਬੰਗਾਲ ਜਲਦੀ ਹੀ ਪੁਰਵੋਦਿਆ ਦਾ ਕੇਂਦਰ ਬਣ ਕੇ ਨਵੀਂ ਦਿਸ਼ਾ ਵੱਲ ਵਧੇਗਾ।
ਪ੍ਰਧਾਨ ਮੰਤਰੀ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਬੰਗਾਲ ਵਿੱਚ ਤਕਰੀਬਨ 30 ਲੱਖ ਗ਼ਰੀਬ ਲੋਕਾਂ ਲਈ ਘਰ ਬਣਾਏ ਗਏ ਹਨ। ਉੱਜਵਲਾ ਸਕੀਮ ਅਧੀਨ ਲਗਭਗ 90 ਲੱਖ ਗ਼ਰੀਬ ਔਰਤਾਂ ਨੂੰ ਮੁਫ਼ਤ ਗੈਸ ਕੁਨੈਕਸ਼ਨ ਦਿੱਤੇ ਗਏ ਹਨ। ਬੰਗਾਲ ਦੇ ਬੁਨਿਆਦੀ ਢਾਂਚੇ ਲਈ, ਸੰਪਰਕ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਕੰਮ ਵੀ ਕੀਤਾ ਜਾ ਰਿਹਾ ਹੈ। ਕੋਲਕਾਤਾ ਵਿੱਚ ਈਸਟ-ਵੈਸਟ ਮੈਟਰੋ ਕੋਰੀਡੋਰ ਪ੍ਰਾਜੈਕਟ ਦੇ ਲਈ ਸਾਢੇ ਅੱਠ ਹਜ਼ਾਰ ਕਰੋੜ ਰੁਪਏ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ।
ਉਨ੍ਹਾਂ ਅੱਗੇ ਕਿਹਾ ਕਿ ਮਹਿਸ਼ਾਸੂਰ ਨੂੰ ਮਾਰਨ ਦੇ ਲਈ ਮਾਤਾ ਦਾ ਸਿਰਫ ਇੱਕ ਅੰਸ਼ ਹੀ ਕਾਫ਼ੀ ਸੀ, ਪਰ ਸਾਰੀਆਂ ਬ੍ਰਹਮ ਸ਼ਕਤੀਆਂ ਇਸ ਕਾਰਜ ਲਈ ਇਕੱਠੀਆਂ ਹੋ ਗਈਆਂ ਸਨ। ਇਸੇ ਤਰ੍ਹਾਂ ਨਾਰੀ ਸ਼ਕਤੀ ਵਿੱਚ ਹਮੇਸ਼ਾ ਸਾਰੀਆਂ ਚੁਣੌਤੀਆਂ ਨੂੰ ਹਰਾਉਣ ਦੀ ਤਾਕਤ ਹੁੰਦੀ ਹੈ। ਅਜਿਹੀ ਸਥਿਤੀ ਵਿੱਚ, ਹਰ ਕਿਸੇ ਦਾ ਫ਼ਰਜ਼ ਬਣਦਾ ਹੈ ਕਿ ਉਹ ਇੱਕ ਸੰਗਠਿਤ ਢੰਗ ਨਾਲ ਉਨ੍ਹਾਂ ਦੇ ਨਾਲ ਖੜੇ ਹੋਣ। ਇਹ ਭਾਜਪਾ ਦਾ ਵਿਚਾਰ ਹੈ, ਇਹ ਸੰਸਕਾਰ ਹੈ ਅਤੇ ਸੰਕਲਪ ਵੀ ਇਹੀ ਹੈ। ਇਸ ਲਈ ਦੇਸ਼ ਵਿੱਚ ਔਰਤਾਂ ਦੇ ਸਸ਼ਕਤੀਕਰਨ ਲਈ ਮੁਹਿੰਮ ਤੇਜ਼ੀ ਨਾਲ ਜਾਰੀ ਹੈ।
ਜਬਰ ਜਨਾਹ ਦੀ ਸਜ਼ਾ ਨਾਲ ਜੁੜੇ ਕਾਨੂੰਨ ਬਹੁਤ ਸਖ਼ਤ ਬਣਾਏ ਗਏ ਹਨ, ਉਥੇ ਹੀ ਦੁਰਵਿਵਹਾਰ ਕਰਨ ਵਾਲਿਆਂ ਲਈ ਮੌਤ ਦੀ ਸਜ਼ਾ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਭਾਰਤ ਨੇ ਜੋ ਨਵਾਂ ਸੰਕਲਪ ਲਿਆ ਹੈ - ਆਤਮ ਨਿਰਭਰ ਦੀ ਜਿਸ ਮੁਹਿੰਮ ਉੱਤੇ ਅਸੀਂ ਚੱਲ ਰਹੇ ਹਾਂ, ਉਸ ਵਿੱਚ ਨਾਰੀ ਸ਼ਕਤੀ ਦੀ ਬਹੁਤ ਵੱਡੀ ਭੂਮਿਕਾ ਹੈ।
ਚਾਹੇ 22 ਕਰੋੜ ਔਰਤਾਂ ਦੇ ਬੈਂਕ ਖਾਤੇ ਖੋਲ੍ਹਣੇ ਹੋਣ ਜਾਂ ਫ਼ਿਰ ਮੁਦਰਾ ਯੋਜਨਾ ਤਹਿਤ ਕਰੋੜਾਂ ਔਰਤਾਂ ਨੂੰ ਸੌਖਾ ਕਰਜ਼ਾ ਦੇਣਾ ਹੋਵੇ। 'ਬੇਟੀ ਬਚਾਓ , ਬੇਟੀ ਪੜ੍ਹਾਓ' ਮੁਹਿੰਮ ਹੋਵੇ ਜਾਂ ਫਿਰ ਤਿੰਨ ਤਾਲਕ ਦੇ ਵਿਰੁੱਧ ਕਾਨੂੰਨ। ਦੇਸ਼ ਦੀ ਨਾਰੀ ਸ਼ਕਤੀ ਨੂੰ ਮਜ਼ਬੂਤ ਕਰਨ ਲਈ ਨਿਰੰਤਰ ਕੰਮ ਕੀਤਾ ਜਾ ਰਿਹਾ ਹੈ।
ਇਹ ਬੰਗਾਲ ਦੀ ਧਰਤੀ ਸੀ ਜਿਸ ਨੇ ਸੁਤੰਤਰਤਾ ਅੰਦੋਲਨ ਵਿੱਚ ਸਵਦੇਸ਼ੀ ਨੂੰ ਇੱਕ ਸੰਕਲਪ ਬਣਾਉਣ ਦਾ ਕੰਮ ਕੀਤਾ ਸੀ। ਗੁਰੂਦੇਵ ਰਬਿੰਦਰਨਾਥ ਟੈਗੋਰ ਅਤੇ ਬਨਕਿਮ ਚੰਦਰ ਚੈਟਰਜੀ ਨੇ ਖੁਦ ਬੰਗਾਲ ਦੀ ਧਰਤੀ ਤੋਂ ਆਤਮ-ਨਿਰਭਰ ਕਿਸਾਨ ਅਤੇ ਆਤਮ-ਨਿਰਭਰ ਜ਼ਿੰਦਗੀ ਦਾ ਸੰਦੇਸ਼ ਦਿੱਤਾ ਸੀ।