ਨਵੀਂ ਦਿੱਲੀ: ਪਾਕਿਸਤਾਨ ਦੇ ਸ਼ੇਖੂਪੁਰਾ ਇਲਾਕੇ ਵਿੱਚ ਰੇਲ ਨਾਲ ਵੈਨ ਟਕਰਾਉਣ ਨਾਲ 29 ਲੋਕਾਂ ਦੀ ਮੌਤ ਹੋ ਗਈ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਸਿੱਖ ਸ਼ਰਧਾਲੂ ਸਨ। ਇਸ ਹਾਦਸੇ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਕੇ ਹਾਦਸੇ ਵਿੱਚ ਮਰਨ ਵਾਲਿਆਂ ਲਈ ਦੁੱਖ ਦਾ ਪ੍ਰਗਟਾਵਾ ਕੀਤੀ ਹੈ। ਪੀਐਮ ਮੋਦੀ ਨੇ ਕਿਹਾ ਕਿ ਉਹ ਜ਼ਖ਼ਮੀ ਸ਼ਰਧਾਲੂਆਂ ਦੇ ਛੇਤੀ ਤੰਦਰੁਸਤ ਹੋਣ ਦੀ ਕਾਮਨਾ ਕਰਦੇ ਹਨ।
ਪਾਕਿਸਤਾਨ ਦੇ ਵਜ਼ੀਰ-ਏ-ਆਜ਼ਮ ਇਮਰਾਨ ਖ਼ਾਨ ਨੇ ਵੀ ਆਪਣੇ ਮੁਲਕ ਵਿੱਚ ਹੋਏ ਇਸ ਹਾਦਸੇ ਮੁਤੱਲਕ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਜਾਣਕਾਰੀ ਮੁਤਾਬਕ, ਇਹ ਹਾਦਸਾ ਦੁਪਿਹਰ ਤਕਰੀਬਨ 1.30 ਵਜੇ ਸ਼ੇਖੁਪੁਰਾ ਦੇ ਮਨੁੱਖ ਰਹਿਤ ਰੇਲਵੇ ਕਰਾਸਿੰਗ ਤੇ ਵਾਪਰਿਆ। ਇਸ ਹਾਦਸੇ ਤੋਂ ਬਾਅਦ ਸਥਾਨਕ ਰੇਲਵੇ ਵਿਭਾਗ ਨੇ ਡਵੀਜ਼ਨਲ ਇੰਜੀਨੀਅਰ ਨੂੰ ਬਰਖ਼ਾਸਤ ਕਰ ਦਿੱਤਾ ਹੈ। ਹਾਦਸੇ ਵਾਲੇ ਸਿੱਖ ਸ਼ਰਧਾਲੂ ਨਨਕਾਣਾ ਸਾਹਿਬ ਤੋਂ ਪੇਸ਼ਾਵਰ ਵੱਲ ਜਾ ਰਹੇ ਹਨ ਜਦੋਂ ਉਹ ਕਰਾਚੀ ਤੋਂ ਲਾਹੌਰ ਜਾ ਰਹੀ ਰੇਲ ਗੱਡੀ ਨਾਲ ਹਾਦਸਾ ਗ੍ਰਸਤ ਹੋ ਗਏ। ਇਸ ਹਾਦਸੇ ਵਿੱਚ ਜ਼ਖ਼ਮੀਆਂ ਨੂੰ ਇਲਾਜ ਲਈ ਸਥਾਨਕ ਹਸਪਤਾਲ ਭਰਤੀ ਕਰਵਾਇਆ ਗਿਆ ਹੈ।