ਨਵੀਂ ਦਿੱਲੀ: ਕਾਂਗਰਸ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਚੁੱਕੇ ਰਾਹੁਲ ਗਾਂਧੀ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦਾਅਵੇ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਹਮਲਾ ਬੋਲਿਆ ਹੈ। ਰਾਹੁਲ ਗਾਂਧੀ ਨੇ ਟਵੀਟ ਕਰਕੇ ਕਿਹਾ ਕਿ ਜੇਕਰ ਟਰੰਪ ਦਾ ਦਾਅਵਾ ਸਹੀ ਹੈ ਤਾਂ ਪੀਐੱਮ ਮੋਦੀ ਨੇ ਭਾਰਤੀ ਹਿੱਤਾਂ ਨਾਲ ਖ਼ਿਲਵਾੜ ਕੀਤਾ ਹੈ।
ਟਰੰਪ ਤੇ ਮੋਦੀ ਵਿਚਕਾਰ ਮੀਟਿੰਗ 'ਚ ਕੀ ਹੋਇਆ, ਦੇਸ਼ ਨੂੰ ਦੱਸਣ ਪੀਐੱਮ: ਰਾਹੁਲ ਗਾਂਧੀ - donald trump
ਕਸ਼ਮੀਰ ਮਸਲੇ 'ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਦਿੱਤੇ ਗਏ ਬਿਆਨ 'ਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪੀਐੱਮ ਮੋਦੀ 'ਤੇ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਟ੍ਰੰਪ ਅਤੇ ਉਨ੍ਹਾਂ ਦੇ ਵਿਚਕਾਰ ਕਿ ਗੱਲ ਹੋਈ ਹੈ।
ਰਾਹੁਲ ਗਾਂਧੀ ਨੇ ਆਪਣੇ ਟਵੀਟ 'ਚ ਲਿਖਿਆ, "ਰਾਸ਼ਟਰਪਤੀ ਟਰੰਪ ਕਹਿੰਦੇ ਹਨ ਕਿ ਪ੍ਰਧਾਨ ਮੰਤਰੀ ਮੋਦੀ ਨੇ ਉਨ੍ਹਾਂ ਨੂੰ ਕਸ਼ਮੀਰ ਮੁੱਦੇ 'ਤੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਵਿਚੋਲਗੀ ਕਰਨ ਲਈ ਕਿਹਾ ਹੈ। ਜੇਕਰ ਇਹ ਸਹੀ ਹੈ ਤਾਂ ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਦੇ ਹਿੱਤਾਂ ਅਤੇ 1972 ਦੇ ਸ਼ਿਮਲਾ ਸਮਝੌਤੇ ਨਾਲ ਧੋਖਾ ਕੀਤਾ ਹੈ। ਇੱਕ ਕਮਜ਼ੋਰ ਵਿਦੇਸ਼ ਮੰਤਰਾਲੇ ਦਾ ਇਨਕਾਰ ਕਾਫ਼ੀ ਨਹੀਂ ਹੈ। ਪ੍ਰਧਾਨ ਮੰਤਰੀ ਨੂੰ ਦੇਸ਼ ਨੂੰ ਦੱਸਣਾ ਚਾਹੀਦਾ ਹੈ ਕਿ ਟਰੰਪ ਅਤੇ ਉਨ੍ਹਾਂ ਵਿਚਕਾਰ ਹੋਈ ਮੀਟਿੰਗ 'ਚ ਕੀ ਹੋਇਆ।"
ਦਰਅਸਲ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਨਾਲ ਵਾਈਟ ਹਾਊਸ 'ਚ ਮੁਲਾਕਤ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਸ਼ਮੀਰ ਮਸਲੇ 'ਤੇ ਵਿਚੋਲਗੀ ਦਾ ਆਫ਼ਰ ਦਿੱਤਾ। ਇਮਰਾਨ ਖ਼ਾਨ ਨੇ ਕਸ਼ਮੀਰ ਦਾ ਮੁੱਦਾ ਚੁੱਕਿਆ ਤਾਂ ਟਰੰਪ ਨੇ ਕਿਹਾ ਕਿ ਉਹ ਵਿਚੋਲਗੀ ਲਈ ਤਿਆਰ ਹਨ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਪੀਐੱਮ ਮੋਦੀ ਨੇ ਉਨ੍ਹਾਂ ਨੂੰ ਵਿਚੋਲਗੀ ਕਰਨ ਨੂੰ ਕਿਹਾ ਹੈ।
ਉੱਥੇ ਹੀ ਅਮਰੀਕੀ ਰਾਸ਼ਟਰਪਤੀ ਦੇ ਕਸ਼ਮੀਰ ਮਸਲੇ 'ਤੇ ਦਿੱਤੇ ਬਿਆਨ 'ਤੇ ਮੰਗਲਵਾਰ ਨੂੰ ਸੰਸਦ 'ਚ ਕਾਫ਼ੀ ਹੰਗਾਮਾ ਹੋਇਆ। ਮੰਗਲਵਾਰ ਨੂੰ ਕਾਂਗਰਸ ਨੇ ਲੋਕ ਸਭਾ ਤੇ ਰਾਜ ਸਭਾ 'ਚ ਇਹ ਮੁੱਦਾ ਚੁੱਕਿਆ।