ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਦੇ ਅਖਿਰ ਵਿੱਚ ਦੇਸ਼ ਦੀ ਪਹਿਲੀ ਡਰਾਈਵਰ ਰਹਿਤ ਮੈਟਰੋ ਰੇਲ ਨੂੰ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਹਰੀ ਝੰਡੀ ਦਿਖਾ ਸਕਦੇ ਹਨ। ਅਧਿਕਾਰਤ ਸੂਤਰਾਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (ਡੀਐੱਮਆਰਸੀ) ਦੀ ਮੈਜੈਂਟਾ ਲਾਈਨ (ਜਨਕਪੁਰੀ ਵੈਸਟ ਤੋਂ ਬੋਟੈਨੀਕਲ ਗਾਰਡਨ) 'ਤੇ ਹਰੀ ਝੰਡੀ ਦਿਖਾਈ ਜਾਵੇਗੀ।
ਇਸ ਸਬੰਧ ਵਿੱਚ ਇੱਕ ਸੂਤਰ ਨੇ ਕਿਹਾ, 'ਤਕਰੀਬਨ 25 ਦਸੰਬਰ ਦੇ ਕੋਲ ਡਰਾਈਵਰ ਰਹਿਤ ਰੇਲ ਨੂੰ ਹਰੀ ਝੰਡੀ ਦਿਖਾਉਣ ਦਾ ਪ੍ਰਸਤਾਵ ਪ੍ਰਧਾਨ ਮੰਤਰੀ ਦਫ਼ਤਰ ਭੇਜਿਆ ਗਿਆ ਹੈ।' ਸੂਤਰਾਂ ਮੁਤਾਬਕ 'ਸਾਡੇ ਦੇਸ਼ ਦੀ ਪਹਿਲੀ ਡਰਾਈਵਰ ਰਹਿਤ ਮੈਟਰੋ ਟ੍ਰੇਨ ਰਵਾਨਗੀ ਲਈ ਤਿਆਰ ਹੈ। ਅਸੀਂ ਆਪਣੀ ਵੱਲੋਂ ਪੂਰੀ ਤਿਆਰੀ ਕਰ ਲਈ ਹੈ।
2002 ਵਿੱਚ ਦਿੱਲੀ ਵਿੱਚ ਸ਼ੁਰੂ ਹੋਈ ਮੈਟਰੋ ਸੇਵਾ
ਦਿੱਲੀ ਮੈਟਰੋ ਨੇ 25 ਦਸੰਬਰ 2002 ਨੂੰ ਆਪਣਾ ਵਪਾਰਕ ਕੰਮ ਸ਼ੁਰੂ ਕੀਤਾ ਸੀ, ਜਿਸ ਤੋਂ ਇੱਕ ਦਿਨ ਪਹਿਲਾਂ ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਸ਼ਾਹਦਰਾ ਤੋਂ ਤੀਸ ਹਜ਼ਾਰੀ ਤੱਕ ਡੀਐਮਆਰਸੀ ਦੇ 8.2 ਕਿਲੋਮੀਟਰ ਲੰਬੇ ਹਿੱਸੇ ਦਾ ਉਦਘਾਟਨ ਕੀਤਾ ਸੀ, ਜਿਸ ਵਿੱਚ ਸਿਰਫ ਛੇ ਸਟੇਸ਼ਨ ਸਨ।