ਨਵੀਂ ਦਿੱਲੀ: ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਟਾਲਰੈਂਸ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਵਿਜੀਲੈਂਸ ਅਤੇ ਐਂਟੀ ਕਰੱਪਸ਼ਨ ਦੀ ਕੌਮੀ ਕਾਨਫ਼ਰੰਸ ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪਹਿਲੇ ਗ੍ਰਹਿ ਮੰਤਰੀ ਦੇ ਰੂਪ ਵਿੱਚ ਸਰਦਾਰ ਪਟੇਲ ਨੇ ਅਜਿਹੀ ਵਿਵਸਥਾ ਬਣਾਉਣ ਦੀ ਕੋਸ਼ਿਸ਼ ਕੀਤੀ, ਜਿਸ ਦੀਆਂ ਨੀਤੀਆਂ ਵਿੱਚ ਨੈਤਿਕਤਾ ਹੋਵੇ। ਬਾਅਦ ਦੇ ਦਹਾਕਿਆਂ ਵਿੱਚ ਕੁੱਝ ਵੱਖ ਹੀ ਪ੍ਰਸਥਿਤੀਆਂ ਬਣੀਆਂ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਹਜ਼ਾਰਾਂ ਕਰੋੜ ਦੇ ਘੁਟਾਲੇ, ਸ਼ੈਲ ਕੰਪਨੀਆਂ ਦਾ ਜਾਲ, ਕਰ ਚੋਰੀ, ਇਹ ਸਭ ਸਾਲਾਂ ਤੱਕ ਚਰਚਾ ਦਾ ਕੇਂਦਰ ਰਿਹਾ। 2014 ਵਿੱਚ ਜਦੋਂ ਦੇਸ਼ ਨੇ ਵੱਡੇ ਬਦਲਾਅ ਦਾ ਫ਼ੈਸਲਾ ਕੀਤਾ ਤਾਂ ਸਭ ਤੋਂ ਵੱਡੀ ਚੁਨੌਤੀ ਇਸ ਮਾਹੌਲ ਨੂੰ ਬਦਲਣ ਦੀ ਸੀ। ਬੀਤੇ ਕੁੱਝ ਸਾਲਾਂ ਵਿੱਚ ਦੇਸ਼ ਭ੍ਰਿਸ਼ਟਾਚਾਰ 'ਤੇ ਜ਼ੀਰੋ ਟਾਲਰੈਂਸ ਤੱਕ ਪਹੁੰਚ ਬਣਾਉਣ ਵੱਲ ਅੱਗੇ ਵਧ ਰਿਹਾ ਹੈ। 2014 ਤੋਂ ਹੁਣ ਤੱਕ ਪ੍ਰਸ਼ਾਸਨਿਕ, ਬੈਂਕਿੰਗ ਪ੍ਰਣਾਲੀ, ਸਿਹਤ, ਸਿੱਖਿਆ, ਖੇਤੀ, ਮਜ਼ਦੂਰੀ ਹਰ ਖੇਤਰ ਵਿੱਚ ਸੁਧਾਰ ਹੋਏ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਭ੍ਰਿਸ਼ਟਾਚਾਰ ਸਿਰਫ਼ ਕੁੱਝ ਰੁਪਇਆਂ ਦੀ ਗੱਲ ਨਹੀਂ ਹੁੰਦੀ। ਭ੍ਰਿਸ਼ਟਾਚਾਰ ਨਾਲ ਦੇਸ਼ ਦੇ ਵਿਕਾਸ ਨੂੰ ਠੇਸ ਪੁੱਜਦੀ ਹੈ। ਨਾਲ ਹੀ ਭ੍ਰਿਸ਼ਟਾਚਾਰ ਸਮਾਜਿਕ ਸੰਤੁਲਨ ਨੂੰ ਵਿਗਾੜ ਕੇ ਰੱਖ ਦਿੰਦਾ ਹੈ। ਦੇਸ਼ ਦੀ ਵਿਵਸਥਾ 'ਤੇ ਜਿਹੜਾ ਭਰੋਸਾ ਹੋਣਾ ਚਾਹੀਦਾ ਹੈ, ਭ੍ਰਿਸ਼ਟਾਚਾਰ ਉਸ ਭਰੋਸੇ 'ਤੇ ਹਮਲਾ ਕਰਦਾ ਹੈ।