ਨਵੀਂ ਦਿੱਲੀ: ਕੋਰੋਨਾਵਾਇਰਸ ਨਾਲ ਨਜਿੱਠਣ ਲਈ ਸ਼ੁੱਕਰਵਾਰ ਨੂੰ ਪੀਐਮ ਮੋਦੀ ਨੇ SAARC ਦੇ ਮੈਂਬਰ ਦੇਸ਼ਾਂ ਨੂੰ ਸੁਝਾਅ ਦਿੱਤਾ ਸੀ, ਜਿਸ ਦਾ ਕਈ ਦੇਸ਼ਾਂ ਨੇ ਸਵਾਗਤ ਕੀਤਾ ਹੈ।
ਪੀਐਮ ਮੋਦੀ ਨੇ ਟਵੀਟ ਕਰ ਕਿਹਾ ਸੀ ਕਿ ਕੋਰੋਨਾਵਾਇਰਸ ਨਾਲ ਲੜਨ ਲਈ ਇੱਕ ਮਜ਼ਬੂਤ ਅਤੇ ਸਾਂਝੀ ਰਣਨੀਤੀ ਬਣਾਉਣ ਚਾਹੀਦੀ ਹੈ। ਆਪਣੇ ਦੇਸ਼ਵਾਸੀਆਂ ਨੂੰ ਸਿਹਤਮੰਦ ਰੱਖਣ ਲਈ ਵੀਡੀਓ ਕਾਨਫ਼ਰੰਸਿੰਗ ਰਾਹੀਂ ਗੱਲਬਾਤ ਕਰ ਦੁਨੀਆ ਨੂੰ ਇੱਕ ਸੁਨੇਹਾ ਦੇ ਸਕਦੇ ਹਾਂ।
ਪ੍ਰਧਾਨ ਮੰਤਰੀ ਦੇ ਇਸ ਸੁਝਾਅ ਦਾ ਸ੍ਰੀ ਲੰਕਾ, ਨੇਪਾਲ, ਮਾਲਦੀਵ ਅਤੇ ਭੂਟਾਨ ਨੇ ਸਵਾਗਤ ਕੀਤਾ ਹੈ। ਮੋਦੀ ਦੀ ਇਸ ਪੇਸ਼ਕਸ਼ 'ਤੇ ਪਾਕਿਸਤਾਨ, ਅਫ਼ਗਾਨਿਸਤਾਨ ਅਤੇ ਬੰਗਲਾਦੇਸ਼ ਦਾ ਜਵਾਬ ਆਉਣਾ ਬਾਕਿ ਹੈ। ਨੇਪਾਲ ਦੇ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਨੇ ਪੀਐਮ ਮੋਦੀ ਦੇ ਸੁਝਾਅ ਦਾ ਸਵਾਗਤ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਸਾਰਕ ਦੇਸ਼ਾਂ ਦੇ ਨਾਲ ਮਿਲ ਕੇ ਕੋਰੋਨਾ 'ਤੇ ਕੰਮ ਕਰਨ ਲਈ ਤਿਆਰ ਹੈ।
ਸ੍ਰੀ ਲੰਕਾ ਦੇ ਰਾਸ਼ਟਰਪਤੀ ਗੋਟਬਾਯਾ ਰਾਜਪਕਸ਼ੇ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਕੋਰੋਨਾਵਾਇਰਸ ਦੇ ਖ਼ਿਲਾਫ਼ ਲੜਾਈ 'ਤੇ ਸਾਂਝੀ ਗੱਲਬਾਤ ਲਈ ਤਿਆਰ ਹੈ। ਪੀਐਮ ਮੋਦੀ ਦਾ ਧੰਨਵਾਦ ਕਰਦਿਆਂ ਉਨ੍ਹਾਂ ਕਿਹਾ ਕਿ ਸ੍ਰੀ ਲੰਕਾ ਚਰਚਾ ਕਰਨ, ਆਪਣਾ ਤਜ਼ੁਰਬਾ ਸਾਂਝਾ ਕਰਨ ਅਤੇ ਸਾਰਕ ਦੇ ਮੈਂਬਰ ਦੇਸ਼ਾਂ ਤੋਂ ਸਿੱਖਣ ਲਈ ਤਿਆਰ ਹੈ। ਆਪਣੇ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਸਾਨੂੰ ਮਿਲ ਕੇ ਕੰਮ ਕਰਨ ਦੀ ਜ਼ਰੂਰਤ ਹੈ।