ਨਵੀਂ ਦਿੱਲੀ: ਸੰਸਕ੍ਰਿਤ ਭਾਸ਼ਾ ਦੇ ਸਰਵਉੱਚ ਵਿਦਵਾਨ ਤੇ ਰਮਾਇਣ ਦੇ ਲੇਖਕ ਮਹਾਰਿਸ਼ੀ ਵਾਲਮੀਕੀ ਜੀ ਦੇ ਜਨਮ ਦਿਵਸ ਨੂੰ ਪੂਰੇ ਦੇਸ਼ ਵਿੱਚ ਖੁਸ਼ੀ ਨਾਲ ਮਨਾਇਆ ਜਾ ਰਿਹਾ ਹੈ। ਦੇਸ਼ ਭਰ ਵਿੱਚ ਮਹਾਰਿਸ਼ੀ ਵਾਲਮੀਕਿ ਜੀ ਦੀ ਜੈਯੰਤੀ 'ਤੇ ਵੱਖ-ਵੱਖ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ।
ਦੇਸ਼ ਦੇ ਰਾਸ਼ਟਰਪਤੀ ਰਾਮ ਨਾਥ ਕੌਵਿੰਦ ਨੇ ਟਵੀਟ ਕਰ ਕਿਹਾ, "ਆਦਿ ਕਵਿ ਮਹਾਰਿਸ਼ੀ ਵਾਲਮੀਕਿ ਜੀ ਦੀ ਜੈਯੰਤੀ 'ਤੇ ਦੇਸ਼ਵਾਸਿਆਂ ਨੂੰ ਬਹੁਤ ਸਾਰੀ ਵਧਾਈ ਤੇ ਸ਼ੁਭਕਾਮਨਾਵਾਂ। ਰਮਾਇਣ ਦੇ ਲੇਖਕ ਅਤੇ ਸਮਾਜਿਕ ਸਦਭਾਵਨਾ ਦੇ ਪ੍ਰਤੀਕ, ਉਨ੍ਹਾਂ ਦਾ ਜੀਵਨ ਅਤੇ ਸਿੱਖਿਆਵਾਂ ਸਾਡੇ ਲਈ ਪ੍ਰੇਰਣਾ ਸਰੋਤ ਹਨ।"
ਇਸ ਪਾਵਨ ਪੁਰਬ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਟਵੀਟ ਕਰ ਵਾਲਮੀਕਿ ਜੈਯੰਤੀ ਦੀ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ, "ਮਹਾਰਿਸ਼ੀ ਵਾਲਮੀਕਿ ਦੇ ਮਹਾਨ ਵਿਚਾਰ ਸਾਡੀ ਇਤਿਹਾਸਕ ਯਾਤਰਾ ਦਾ ਬੀਜ ਤੱਤ ਹਨ, ਜਿਸ 'ਤੇ ਸਾਡੀ ਪਰੰਪਰਾ ਅਤੇ ਸਭਿਆਚਾਰ ਪ੍ਰਫੁੱਲਤ ਹੁੰਦੀ ਰਹੀ ਹੈ। ਉਨ੍ਹਾਂ ਦੇ ਸੰਦੇਸ਼, ਜੋ ਕਿ ਸਮਾਜਿਕ ਨਿਆਂ ਦੇ ਅਧਾਰ ਹਨ, ਸਾਡੇ ਸਾਰਿਆਂ ਨੂੰ ਹਮੇਸ਼ਾ ਪ੍ਰੇਰਿਤ ਕਰਦੇ ਰਹਿਣਗੇ।"
ਖ਼ਾਸ ਮੌਕੇ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਹੈ। ਕੈਪਟਨ ਨੇ ਟਵੀਟ ਕਰ ਕਿਹਾ, "‘ਆਦਿ ਕਵੀ’ ਭਗਵਾਨ ਵਾਲਮੀਕਿ ਜੀ ਦੀ ਜੈਯੰਤੀ ਦੇ ਸ਼ੁਭ ਅਵਸਰ 'ਤੇ ਮੈਂ ਸਾਰਿਆਂ ਨੂੰ ਉਨ੍ਹਾਂ ਵੱਲੋਂ ਪ੍ਰਚਾਰੇ ਸੱਚ ਅਤੇ ਨੈਤਿਕਤਾ ਦੇ ਮਾਰਗ 'ਤੇ ਚੱਲਣ ਦੀ ਅਪੀਲ ਕਰਦਾ ਹਾਂ। ਆਓ ਆਪਾਂ ਸਾਰੇ ਇਕੱਠੇ ਹੋ ਕੇ ਸ਼ਾਂਤੀ, ਸਦਭਾਵਨਾ ਅਤੇ ਭਾਈਚਾਰੇ ਦੀ ਭਾਵਨਾ ਨਾਲ ਇਸ ਪਵਿੱਤਰ ਤਿਉਹਾਰ ਨੂੰ ਮਨਾਉਂਦੇ ਹਾਂ।"
ਕਿਹਾ ਜਾਂਦਾ ਹੈ ਕਿ ਵੈਦਿਕ ਕਾਲ ਦੇ ਮਹਾਨ ਰਿਸ਼ੀਆਂ ਵਿੱਚੋਂ ਇੱਕ ਵਾਲਮੀਕਿ ਜੀ ਪਹਿਲਾ ਇੱਕ ਡਾਕੂ ਸਨ, ਪਰ ਫਿਰ ਅਜਿਹੀ ਘਟਨਾ ਵਾਪਰੀ ਕਿ ਉਨ੍ਹਾਂ ਦਾ ਜੀਵਨ ਬਦਲ ਗਿਆ। ਇਹ ਉਨ੍ਹਾਂ ਦੇ ਚਰਿੱਤਰ ਦੀ ਮਹਾਨਤਾ ਹੈ, ਜਿਸਨੇ ਉਨ੍ਹਾਂ ਨੂੰ ਇੱਕ ਮਹਾਨ ਕਵੀ ਬਣਾਇਆ। ਉਨ੍ਹਾਂ ਦਾ ਜੀਵਨ ਅਤੇ ਚਰਿੱਤਰ ਅੱਜ ਵੀ ਲੋਕਾਂ ਲਈ ਪ੍ਰੇਰਣਾਦਾਇਕ ਹੈ।
ਦੇਸ਼ ਭਰ ਵਿੱਚ ਮਹਾਰਿਸ਼ੀ ਵਾਲਮੀਕਿ ਜੀ ਦੀ ਜੈਯੰਤੀ 'ਤੇ ਵੱਖ-ਵੱਖ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ। ਇਸ ਮੌਕੇ ਮੰਦਰਾਂ ਵਿੱਚ ਵਾਲਮੀਕਿ ਜੀ ਦੀ ਪੂਜਾ ਕਰਕੇ ਵਿਸ਼ੇਸ਼ ਅਰਦਾਸ ਕੀਤੀ ਜਾਂਦੀ ਹੈ। ਨਾਲ ਹੀ ਵਾਲਮੀਕਿ ਜੈਯੰਤੀ ਦੀ ਸ਼ੋਭਾ ਯਾਤਰਾ ਵੀ ਕੱਢੀ ਗਈ, ਜਿਸ ਵਿੱਚ ਸੰਗਤ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਇਸ ਦਿਨ ਰਾਮਾਇਣ ਦਾ ਜਾਪ ਕਰਨਾ ਅਤੇ ਰਾਮ ਦਾ ਨਾਮ ਜਪਣਾ ਬਹੁਤ ਸ਼ੁੱਭ ਮੰਨਿਆ ਜਾਂਦਾ ਹੈ।