ਕਰਨਾਟਕ: ਦੋ ਦਿਨਾਂ ਦੇ ਕਰਨਾਟਕ ਦੌਰੇ 'ਤੇ ਗਏ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਪਹਿਲੇ ਦਿਨ ਜਿੱਥੇ ਸੰਬੋਧਨ ਦੌਰਾਨ ਵਿਰੋਧੀਆਂ ਜੰਮ ਕੇ ਨਿਸ਼ਾਨੇ ਵਿੰਨ੍ਹੇ ਉੱਥੇ ਹੀ ਨਵੇਂ ਸਾਲ 'ਚ ਦਾਖ਼ਲ ਹੁੰਦਿਆਂ ਕਿਸਾਨਾਂ ਲਈ ਨਵੇਂ ਸਾਲ ਦੇ ਤੋਹਫ਼ੇ ਦਾ ਐਲਾਨ ਵੀ ਕੀਤਾ। ਕਰਨਾਟਕ ਦੇ ਤੁਮਕੁਰ 'ਚ ਆਯੋਜਿਤ ਇੱਕ ਵੱਡੇ ਕਿਸਾਨ ਮੰਮੇਲਣ ਚ ਪੀਐਮ ਮੋਦੀ ਨੇ ਦੇਸ਼ ਦੇ 6 ਕਰੋੜ ਕਿਸਾਨਾਂ ਨੂੰ ਇੱਕ ਕਲਿਕ 'ਚ 12000 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ। ਇਹ ਪੈਸਾ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਅਧੀਨ ਦੂਜੇ ਗੇੜ ਦੀ ਪਹਿਲੀ ਕਿਸ਼ਤ ਅਧੀਨ ਭੇਜਿਆ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਕ੍ਰਿਸ਼ੀ ਕਰਮਨ ਅਵਾਰਡ ਵੀ ਦਿੱਤੇ ਗਏ, ਜਿਸ ਚ ਪੰਜਾਬ ਦੇ ਕਿਸਾਨਾਂ ਨੂੰ ਵੀ ਇਸ ਸਨਮਾਨ ਨਾਲ ਨਵਾਜ਼ਿਆ ਗਿਆ।
ਨਰਿੰਦਰ ਮੋਦੀ ਨੇ ਕਿਹਾ, "ਇਕ ਸਮਾਂ ਸੀ, ਦੇਸ਼ 'ਚ ਗਰੀਬਾਂ ਅਤੇ ਕਿਸਾਨਾਂ ਲਈ ਇੱਕ ਰੁਪਏ ਭੇਜਿਆ ਜਾਂਦਾ ਸੀ ਪਰ ਉਨ੍ਹਾਂ ਤਕ ਸਿਰਫ 15 ਪੈਸੇ ਪਹੁੰਚਦੇ ਸਨ। 85 ਪੈਸੇ ਵਿਚੌਲੇ ਖਾ ਜਾਂਦੇ ਸਨ। ਅੱਜ ਸਾਰਾ ਪੈਸਾ ਦਿੱਲੀ ਤੋਂ ਕਿਸਾਨਾਂ ਦੇ ਖਾਤਿਆਂ 'ਚ ਜਮਾਂ ਕੀਤਾ ਜਾਂਦਾ ਹੈ।" ਮੋਦੀ ਨੇ ਕਿਹਾ ਕਿ ਜਿਨ੍ਹਾਂ ਸਰਕਾਰਾਂ ਨੇ ਇਸ ਸਕੀਮ ਨੂੰ ਲਾਗੂ ਨਹੀਂ ਕੀਤਾ ਹੈ, ਉਮੀਦ ਕਰਦਾ ਹਾਂ ਕਿ ਹੁਣ ਉਹ ਵੀ ਇਹ ਸੋਚ ਕੇ ਲਾਗੂ ਕਰਨਗੇ ਕਿ ਇਹ ਦੇਸ਼ ਦੀ ਯੋਜਨਾ ਹੈ ਅਤੇ ਇਸ ਨਾਲ ਕਿਸਾਨਾਂ ਨੂੰ ਲਾਭ ਮਿਲੇਗਾ।
ਜ਼ਿਕਰਯੋਗ ਹੈ ਕਿ ਪੀਐਮ ਮੋਦੀ ਨੇ 24 ਫਰਵਰੀ 2019 ਨੂੰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਸਕੀਮ ਦਾ ਐਲਾਨ ਕੀਤਾ ਸੀ ਅਤੇ ਇਸੇ ਸਕੀਮ ਅਧੀਨ ਇਸ ਵਿੱਤੀ ਵਰ੍ਹੇ 'ਚ ਕਿਸਾਨਾਂ ਨੂੰ ਇਹ ਤੀਜੀ ਕਿਸ਼ਤ ਦਿੱਤੀ ਜਾ ਰਹੀ ਹੈ ਜੋ ਸਿੱਧੀ ਲਾਭਪਾਤਰੀਆਂ ਦੇ ਖਾਤੇ 'ਚ ਪਹੁੰਚੇਗੀ।