ਨਵੀਂ ਦਿੱਲੀ: ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੋ ਦਿਨਾਂ ਦੌਰੇ ਉੱਤੇ ਭਾਰਤ ਆਏ ਹਨ। ਸ਼ੁੱਕਰਵਾਰ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਾਲੇ ਇਤਿਹਾਸਕ ਮੁਲਾਕਾਤ ਹੋਈ। ਇਹ ਦੂਜਾ ਗ਼ੈਰ ਰਸਮੀ ਸਿਖਰ ਸੰਮੇਲਨ ਮਾਮੱਲਾਪੁਰਮ ਵਿੱਚ ਹੋਇਆ। ਸ਼ਨੀਵਾਰ ਨੂੰ ਪੀਐਮ ਮੋਦੀ ਅਤੇ ਜਿਨਪਿੰਗ ਆਹਮੋ-ਸਾਹਮਣੇ ਗੱਲਬਾਤ ਕਰਨਗੇ। ਖ਼ਬਰਾਂ ਮੁਤਾਬਕ ਦੋਹਾਂ ਵਿਚਾਲੇ 40 ਮਿੰਟ ਤੱਕ ਗੱਲਬਾਤ ਹੋ ਸਕਦੀ ਹੈ।
ਜਾਣਕਾਰੀ ਮੁਤਾਬਕ, ਸ਼ਨੀਵਾਰ ਸਵੇਰੇ 10 ਵਜੇ ਦੇ ਕਰੀਬ ਸ਼ੀ ਜਿਨਪਿੰਗ ਤੇ ਪੀਐਮ ਮੋਦੀ ਤਾਜ ਫਿਸ਼ਰਮੈਨ ਦੇ ਕੋਵ ਰੇਸਤਰਾਂ ਵਿੱਚ ਬੈਠਕ ਕਰਨਗੇ। ਬੈਠਕ ਲਿੱਚ ਕਈ ਅਹਿਮ ਮੁੱਦਿਆਂ ਉੱਤੇ ਗੱਲਬਾਤ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ।
- ਸਵੇਰੇ 10.45 ਵਜੇ ਤੋਂ ਦੋਵਾਂ ਨੇਤਾਵਾਂ ਦਰਮਿਆਨ ਪ੍ਰਤੀਨਿਧੀ ਪੱਧਰੀ ਉੱਤੇ ਗੱਲਬਾਤ ਵੀ ਹੋਵੇਗੀ। ਇਸ ਸਾਂਝੇ ਸੰਵਾਦ ਦੌਰਾਨ ਵਿਦੇਸ਼ ਮੰਤਰੀ ਐਸ ਜੈਸ਼ੰਕਰ ਵੀ ਮੌਜੂਦ ਰਹਿਣਗੇ।
- ਸਵੇਰੇ ਕਰੀਬ 11.45 ਵਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਪਹਿਰ ਵੇਲੇ ਦਾਵਤ ਦੀ ਮੇਜ਼ਬਾਨੀ ਕਰਨਗੇ।
- ਦਾਵਤ ਤੋਂ ਬਾਅਦ ਪੀਐਮ ਮੋਦੀ ਅਤੇ ਸ਼ੀ ਜਿਨਪਿੰਗ 12.45 ਵਜੇ ਚੇਨਈ ਅੰਤਰਰਾਸ਼ਟਰੀ ਹਵਾਈ ਅੱਡੇ ਲਈ ਰਵਾਨਾ ਹੋਣਗੇ।
- ਸ਼ੀ ਜਿਨਪਿੰਗ ਦੁਪਹਿਰ ਡੇਢ ਵਜੇ ਨੇਪਾਲ ਲਈ ਰਵਾਨਾ ਹੋਣਗੇ।
ਇਕ ਸੀਨੀਅਰ ਅਧਿਕਾਰੀ ਨੇ ਆਪਣੀ ਪਛਾਣ ਗੁਪਤ ਰੱਖਣ ਦੀ ਸ਼ਰਤ 'ਤੇ ਕਿਹਾ ਕਿ,' 'ਦੋਵੇਂ ਧਿਰਾਂ ਜਾਣਦੀਆਂ ਹਨ ਕਿ ਇਨ੍ਹਾਂ ਸਬੰਧਾਂ' ਤੇ ਬਹੁਤ ਕੁਝ ਟਿਕਿਆ ਹੈ ਅਤੇ ਇਹ ਦਰਸਾਉਂਦਾ ਹੈ ਕਿ ਸੰਮੇਲਨ ਦੇ ਮੁਲਤਵੀ ਹੋਣ ਨੂੰ ਲੈ ਕੇ ਹਾਲ ਹੀ 'ਚ ਹਫ਼ਤੇ ਵਿੱਚ ਕਈ ਕਿਆਸਰਾਈਆਂ ਦੇ ਬਾਵਜੂਦ ਇਹ ਮੁਲਾਕਾਤ ਨਿਰਧਾਰਤ ਸਮੇਂ 'ਤੇ ਹੀ ਹੋਈ।