ਚੰਡੀਗੜ੍ਹ: ਭਾਰਤ ਦੇ ਮਹਾਨ ਹਾਕੀ ਖਿਡਾਰੀ ਅਤੇ ਓਲੰਪੀਅਨ ਬਲਬੀਰ ਸਿੰਘ ਅੱਜ ਸਵੇਰੇ 6 ਵਜੇ ਦੇ ਕਰੀਬ ਸੰਸਾਰ ਨੂੰ ਅਲਵਿਦਾ ਕਹਿ ਗਏ। 96 ਸਾਲਾ ਬਲਬੀਰ ਸਿੰਘ ਉਮਰ ਦੇ ਤਕਾਜ਼ੇ ਨਾਲ ਕਈ ਸਰੀਰਕ ਸਮੱਸਿਆਵਾਂ ਨਾਲ ਜੂਝ ਰਹੇ ਸਨ। ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਉਨ੍ਹਾਂ ਨੇ ਆਖ਼ਰੀ ਸਾਹ ਲਏ। ਇਸ ਖ਼ਬਰ ਤੋਂ ਬਾਅਦ ਖੇਡ ਜਗਤ ਵਿੱਚ ਸੋਗ ਦੀ ਲਹਿਰ ਹੈ। ਕਈ ਖਿਡਾਰੀਆਂ ਤੇ ਸਿਆਸੀ ਆਗੂਆਂ ਨੇ ਬਲਬੀਰ ਸਿੰਘ ਸੀਨੀਅਰ ਦੇ ਦੇਹਾਂਤ 'ਤੇ ਦੁੱਖ ਪ੍ਰਗਟਾਇਆ।
ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਬਲਬੀਰ ਸਿੰਘ ਸੀਨੀਅਰ ਦੇ ਦੇਹਾਂਤ ਮੌਕੇ ਟਵੀਟ ਕਰ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਟਵੀਟ ਵਿੱਚ ਲਿਖਿਆ ਕਿ ਮਹਾਨ ਖਿਡਾਰੀ ਦੇ ਦੇਹਾਂਤ ਦੀ ਖ਼ਬਰ ਸੁਣ ਕੇ ਬਹੁਤ ਦੁੱਖ ਹੋਇਆ।
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਟਵੀਟ ਕਰ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਲਿਖਿਆ ਕਿ ਪਦਮ ਸ਼੍ਰੀ ਬਲਬੀਰ ਸਿੰਘ ਸੀਨੀਅਰ ਨੂੰ ਉਨ੍ਹਾਂ ਦੀਆਂ ਖੇਡ ਪ੍ਰਾਪਤੀਆਂ ਲਈ ਹਮੇਸ਼ਾਂ ਯਾਦ ਰੱਖਿਆ ਜਾਵੇਗਾ।
ਭਾਰਤ ਦੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਵੀ ਮਹਾਨ ਖਿਡਾਰੀ ਦੇ ਦੇਹਾਂਤ ਦਾ ਦੁੱਖ ਪ੍ਰਗਟਾਇਆ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਟਵੀਟ ਕਰ ਲਿਖਿਆ ਕਿ ਹਾਕੀ ਦੇ ਮਹਾਨ ਖਿਡਾਰੀ ਦੇ ਦੇਹਾਂਤ ਬਾਰੇ ਸੁਣ ਕੇ ਬਹੁਤ ਦੁੱਖ ਲੱਗਿਆ। ਓਲੰਪਿਅਨ ਗੋਲਡ ਮੈਡਲਿਸਟ ਅਤੇ ਆਪਣੀ ਦ੍ਰਿੜਤਾ, ਸਮਰਪਣ ਵਰਗੇ ਗੁਣਾਂ ਕਰਕੇ ਹਮੇਸ਼ਾਂ ਯਾਦ ਰਹਿਣਗੇ।
ਹਾਕੀ ਇੰਡੀਆ ਦੇ ਅਧਿਕਾਰਕ ਟਵੀਟਰ ਅਕਾਊਂਟ ਨੇ ਵੀ ਟਵੀਟ ਕਰ ਦੁੱਖ ਦਾ ਪ੍ਰਗਟਾਵਾ ਕੀਤਾ। ਹਾਕੀ ਇੰਡੀਆ ਨੇ ਓਲੰਪਿਅਨ ਗੋਲਡ ਮੈਡਲਿਸਟ, ਪਦਮ ਸ੍ਰੀ ਬਲਬੀਰ ਸਿੰਘ ਸੀਨੀਅਰ ਦੇ ਪ੍ਰਸ਼ੰਸਕਾਂ, ਦੋਸਤਾਂ ਤੇ ਪਰਿਵਾਰ ਨਾਲ ਦੁੱਖ ਪ੍ਰਗਟਾਇਆ।
ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਵੀ ਟਵੀਟ ਕਰ ਦੁੱਖ ਦਾ ਪ੍ਰਗਟਾਵਾ ਕੀਤਾ। ਕੋਹਲੀ ਨੇ ਲਿਖਿਆ ਕਿ ਬਲਬੀਰ ਸਿੰਘ ਸੀਨੀਅਰ ਦੇ ਦੇਹਾਂਤ ਦੀ ਖ਼ਬਰ ਸੁਣ ਕੇ ਬਹੁਤ ਦੁੱਖ ਲੱਗਿਆ। ਉਨ੍ਹਾਂ ਦੇ ਪਰਿਵਾਰ ਲਈ ਇਸ ਦੁੱਖ ਦੀ ਘੜੀ ਵਿੱਚ ਮੈਂ ਦੁਆਵਾਂ ਕਰਦਾ ਹਾਂ।
ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਗੇਂਦਬਾਜ ਹਰਭਜਨ ਸਿੰਘ ਨੇ ਵੀ ਟਵੀਟ ਕਰ ਦੁੱਖ ਦਾ ਪ੍ਰਗਟਾਵਾ ਕੀਤਾ। ਹਰਭਜਨ ਨੇ ਉਨ੍ਹਾਂ ਦੀਆਂ ਉਪਲਭਦੀਆਂ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਦਿੱਤੀ।
ਇਹ ਵੀ ਪੜ੍ਹੋ: ਹਾਕੀ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਦਾ ਹੋਇਆ ਦੇਹਾਂਤ