ਨਵੀਂ ਦਿੱਲੀ: ਕੇਂਦਰੀ ਮੰਤਰੀ ਅਤੇ ਅਰੁਣਾਚਲ ਪ੍ਰਦੇਸ਼ ਦੇ ਸਾਂਸਦ ਕਿਰਨ ਰਿਜਿਜੂ ਨੇ ਮੰਗਲਵਾਰ ਨੂੰ ਕਿਹਾ ਕਿ ਚੀਨ ਨੇ ਇਸ ਗੱਲ ਨੂੰ ਮੰਨਿਆ ਹੈ ਕਿ ਅਰੁਣਾਚਲ ਪ੍ਰਦੇਸ਼ ਤੋਂ ਲਾਪਤਾ ਹੋਏ ਨੌਜਵਾਨ ਉਨ੍ਹਾਂ ਦੇ ਖੇਤਰ ਵਿੱਚ ਪਾਏ ਗਏ ਹਨ।
ਕੇਂਦਰੀ ਮੰਤਰੀ ਨੇ ਕਿਹਾ, "ਪੀਐਲਏ ਨੇ ਭਾਰਤੀ ਫ਼ੌਜ ਦੇ ਹੌਟਲਾਈਨ ਸੰਦੇਸ਼ ਦਾ ਜਵਾਬ ਦਿੱਤਾ ਹੈ। ਉਨ੍ਹਾਂ ਨੇ ਪੁਸ਼ਟੀ ਕੀਤੀ ਹੈ ਕਿ ਅਰੁਣਾਚਲ ਪ੍ਰਦੇਸ਼ ਦੇ ਲਾਪਤਾ ਨੌਜਵਾਨ ਉਨ੍ਹਾਂ ਦੇ ਖੇਤਰ ਵਿੱਚ ਪਾਏ ਗਏ ਹਨ। ਸਾਡੇ ਅਧਿਕਾਰੀ ਹੁਣ ਉਨ੍ਹਾਂ ਨੂੰ ਵਾਪਸ ਲਿਆਉਣ ਲਈ ਅੱਗੇ ਦੀ ਕਾਰਵਾਈ ਕਰ ਰਹੇ ਹਨ।"
ਇਸ ਤੋਂ ਪਹਿਲਾਂ ਭਾਰਤੀ ਫ਼ੌਜ ਨੇ ਅਰੁਣਾਚਲ ਪ੍ਰਦੇਸ਼ ਦੇ ਸੁਬਨਸਿਰੀ ਜ਼ਿਲ੍ਹੇ ਤੋਂ ਪੀਪਲਜ਼ ਲਿਬਰੇਸ਼ਨ ਆਰਮੀ ਦੇ ਸੈਨਿਕਾਂ ਕਥਿਤ ਤੌਰ 'ਤੇ ਅਗਵਾ ਕਰਨ ਦਾ ਮਾਮਲਾ ਚੀਨੀ ਫ਼ੌਜ ਕੋਲ ਚੁੱਕਿਆ ਸੀ ਅਤੇ ਇਸੇ ਮਾਮਲੇ ਵਿੱਚ ਚਿੰਤਾ ਪ੍ਰਗਟਾਉਂਦਿਆਂ ਹੌਟਲਾਈਨ ਰਾਹੀਂ ਮੈਸੇਜ ਭੇਜੇ ਸੀ।
ਕੁਝ ਦਿਨ ਪਹਿਲਾਂ ਭਾਰਤੀ ਫੌਜ ਨੇ ਸਿੱਕਿਮ ਵਿੱਚ ਚੀਨੀ ਨਾਗਰਿਕਾਂ ਦੀ ਮਦਦ ਕੀਤੀ ਸੀ। ਬੀਤੀ 3 ਸਤੰਬਰ ਨੂੰ ਤਿੰਨ ਚੀਨੀ ਨਾਗਰਿਕ ਜਿਨ੍ਹਾਂ ਵਿੱਚ ਇੱਕ ਮਹਿਲਾ ਵੀ ਸ਼ਾਮਲ ਸੀ, ਉੱਤਰੀ ਸਿੱਕਿਮ ਵਿੱਚ 17,500 ਫੁੱਟ ਦੀ ਉਚਾਈ 'ਤੇ ਆਪਣਾ ਰਾਹ ਭਟਕ ਬੈਠੇ, ਜਿਸ ਤੋਂ ਬਾਅਦ ਭਾਰਤੀ ਫ਼ੌਜ ਨੇ ਉਨ੍ਹਾਂ ਦੀ ਮਦਦ ਕੀਤੀ ਅਤੇ ਉਨ੍ਹਾਂ ਨੂੰ ਮੈਡੀਕਲ ਸਹਾਇਤਾ ਅਤੇ ਖਾਣਾ ਦੇ ਕੇ ਵਾਪਸ ਭੇਜਿਆ ਸੀ।