ਨਵੀਂ ਦਿੱਲੀ: ਵਿਸ਼ਾਖਾਪਟਨਮ ਗੈਸ ਲੀਕ ਘਟਨਾ ਦੀ ਨਿਆਂਇਕ ਜਾਂਚ ਦੀ ਮੰਗ ਕਰਦਿਆਂ ਵੀਰਵਾਰ ਨੂੰ ਇੱਕ ਪਟੀਸ਼ਨ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨਜੀਟੀ) ਵਿੱਚ ਦਾਇਰ ਕੀਤੀ ਗਈ ਹੈ। ਇਸ ਘਟਨਾ ਵਿੱਚ 11 ਵਿਅਕਤੀਆਂ ਦੀਆਂ ਜਾਨਾਂ ਗਈਆਂ ਹਨ।
ਇਹ ਪਟੀਸ਼ਨ ਐਨਜੀਓ ਸੀ.ਡਬਲਿਊ.ਈ.ਐਲ. ਦੇ ਸੰਸਥਾਪਕ ਬਾਨੂ ਬਾਂਸਲ ਵੱਲੋਂ ਵਕੀਲ ਗੌਰਵ ਬਾਂਸਲ ਰਾਹੀਂ ਦਾਖ਼ਲ ਕਰਵਾਈ ਗਈ ਹੈ। ਪਟੀਸ਼ਨ ਵਿੱਚ ਗੈਸ ਲੀਕ ਹੋਣ ਦੀ ਘਟਨਾ ਨੂੰ ਇੱਕ ਸੇਵਾਮੁਕਤ ਜਸਟਿਸ ਦੀ ਅਗਵਾਈ ਵਿੱਚ ਦੀ ਘੱਟੋ-ਘੱਟ ਸੰਯੁਕਤ ਸਕੱਤਰ ਪੱਧਰ ਦੇ ਅਧਿਕਾਰੀਆਂ ਦੀ ਇੱਕ ਉੱਚ ਪੱਧਰੀ ਕਮੇਟੀ ਗਠਿਤ ਕਰਨ ਦੇ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਹੈ।
ਵਕੀਲ ਗੌਰਵ ਬਾਂਸਲ ਨੇ ਕਿਹਾ, "ਅਸੀਂ ਵਿਸ਼ਾਖਾਪਟਨਮ ਗੈਸ ਲੀਕ ਘਟਨਾ ਸਬੰਧੀ ਪਟੀਸ਼ਨ ਦਾਖ਼ਲ ਕੀਤੀ ਹੈ ਅਤੇ ਇਸ ਮਾਮਲੇ ਵਿੱਚ ਅਸੀਂ ਤੁਰੰਤ ਸੁਣਵਾਈ ਦੀ ਮੰਗ ਕਰਦੇ ਹਾਂ। ਅਸੀਂ ਇਹ ਵੀ ਮੰਗ ਕੀਤੀ ਹੈ ਕਿ ਆਂਧਰਾ ਪ੍ਰਦੇਸ਼ ਸਰਕਾਰ ਨੂੰ ਘਟਨਾ ਸਥਾਨ ਦੇ ਨੇੜਲੇ ਇਲਾਕੇ ਵਿੱਚ ਰਹਿੰਦੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ।"
ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਗੈਸ ਦਾ ਰਿਸਾਵ ਹੋਣ ਕਾਰਨ ਲੋਕਾਂ ਖਾਸ ਕਰਕੇ ਬੱਚਿਆਂ ਨੂੰ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਦੇ ਨਾਲ-ਨਾਲ ਪਾਲਤੂ ਪਸ਼ੂਆਂ ਅਤੇ ਫ਼ਸਲਾਂ ਦੇ ਨੁਕਸਾਨ ਦਾ ਜ਼ਿਕਰ ਵੀ ਪਟੀਸ਼ਨ ਵਿੱਚ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵਿੱਚ ਵੀਰਵਾਰ ਨੂੰ ਇੱਕ ਪਲਾਂਟ ਵਿੱਚੋਂ ਕੈਮੀਕਲ ਗੈਸ ਲੀਕ ਹੋਣ ਤੋਂ ਬਾਅਦ 11 ਲੋਕਾਂ ਦੀ ਮੌਤ ਹੋ ਗਈ। ਇਹ ਪਲਾਂਟ ਗੋਪਾਲਪਟਨਮ ਇਲਾਕੇ ਵਿੱਚ ਸਥਿਤ ਹੈ। ਇਸ ਇਲਾਕੇ ਹਜ਼ਾਰ ਤੋਂ ਵੱਧ ਲੋਕਾਂ ਨੇ ਇਸ ਘਟਨਾ ਤੋਂ ਬਾਅਦ ਆਪਣੇ ਆਪ ਨੂੰ ਬੀਮਾਰ ਦੱਸਿਆ ਹੈ। ਲੋਕਾਂ ਨੇ ਅੱਖਾਂ ਵਿੱਚ ਜਲਣ, ਸਾਹ ਲੈਣ ਵਿੱਚ ਮੁਸ਼ਕਲ, ਅਤੇ ਸਰੀਰ ਵਿੱਚ ਲਾਲ ਧੱਫੜ ਪੈਣ ਦੀ ਸ਼ਿਕਾਇਤ ਕੀਤੀ।
ਵਿਸ਼ਾਖਾਪਟਨਮ ਜ਼ਿਲ੍ਹਾ ਮੈਡੀਕਲ ਅਤੇ ਸਿਹਤ ਅਧਿਕਾਰੀ ਨੇ ਕਿਹਾ ਕਿ ਗੈਸ ਲੀਕ ਹੋਣ ਕਾਰਨ 300 ਲੋਕਾਂ ਨੂੰ ਕਈ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਸ ਘਟਨਾ ਤੋਂ ਬਾਅਦ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਸਖ਼ਤੀ ਦਿਖਾਈ ਹੈ ਅਤੇ ਕੇਂਦਰ ਅਤੇ ਰਾਜ ਸਰਕਾਰ ਨੂੰ ਜਵਾਬ ਮੰਗਦਿਆਂ ਇੱਕ ਨੋਟਿਸ ਭੇਜਿਆ ਹੈ।