ਸ਼੍ਰੀਨਗਰ: ਕੇਂਦਰ ਸਰਕਾਰ ਵੱਲੋਂ ਜੰਮੂ ਕਸ਼ਮੀਰ ਵਿੱਚ ਧਾਰਾ 370 'ਤੇ ਲਏ ਫ਼ੈਸਲੇ ਤੋਂ ਬਾਅਦ ਪੂਰੇ ਸੂਬੇ ਭਰ ਵਿੱਚ ਸ਼ਾਂਤੀ ਦਾ ਮਾਹੋਲ ਹੈ। ਉੱਖੇ ਹੀ ਜੰਮੂ ਕਸ਼ਮੀਰ ਦੇ ਪੁਲਿਸ ਮੁਖੀ ਡੀਜੀਪੀ ਦਿਲਬਾਗ਼ ਸਿੰਘ ਨੇ ਕਿਹਾ ਹੈ ਕਿ ਪਿਛਲੇ 6 ਦਿਨਾਂ ਦੌਰਾਨ ਕਸ਼ਮੀਰ ਘਾਟੀ ਵਿੱਚ ਹਿੰਸਾ ਦੀ ਇੱਕ ਵੀ ਵਾਰਦਾਤ ਨਹੀਂ ਵਾਪਰੀ ਹੈ।
ਉਨ੍ਹਾਂ ਨੇ ਕਿਹਾ ਕਿ ਸੂਬੇ ’ਚ ਹਰ ਥਾਂ 'ਤੇ ਪੂਰੀ ਸ਼ਾਂਤੀ ਹੈ। ਉਨ੍ਹਾਂ ਦੱਸਿਆ ਕਿ ਲੋਕਾਂ ਤੇ ਵਾਹਨਾਂ ਦੀ ਆਵਾਜਾਈ ਉੱਤੇ ਲੱਗੀਆਂ ਪਾਬੰਦੀਆਂ ਹੋਰ ਵੀ ਘਟਾ ਦਿੱਤੀਆਂ ਜਾਣਗੀਆਂ। ਦਿਲਬਾਗ਼ ਸਿੰਘ ਨੇ ਕਿਹਾ ਕਿ ਪਿਛਲੇ 6 ਦਿਨਾਂ ਵਿੱਚ ਕਸ਼ਮੀਰ 'ਚ ਇੱਕ ਵੀ ਗੋਲ਼ੀ ਨਹੀਂ ਚੱਲੀ ਹੈ।
ਦਿਲਬਾਗ ਸਿੰਘ ਨੇ ਕਿਹਾ ਕਿ ਉਨ੍ਹਾਂ ਕਸ਼ਮੀਰ ਵਾਦੀ ਦੇ ਪੂਰੇ ਹਾਲਾਤ ਉੱਤੇ ਚੌਕਸ ਨਜ਼ਰ ਰੱਖੀ ਹੋਈ ਹੈ। ਉਨ੍ਹਾਂ ਆਪਣੇ ਇੱਕ ਟਵੀਟ ਰਾਹੀਂ ਕਿਹਾ ਕਿ ਲੋਕ ਕਿਸੇ ਵੀ ਤਰ੍ਹਾਂ ਦੀਆਂ ਝੂਠੀਆਂ ਖ਼ਬਰਾਂ ਜਾਂ ਅਫ਼ਵਾਹਾਂ ਉੱਤੇ ਬਿਲਕੁਲ ਵੀ ਗ਼ੌਰ ਨਾ ਕਰਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਈਦ ਦੀਆਂ ਤਿਆਰੀਆਂ ਲਈ ਛੋਟਾਂ ਦਿੱਤੀਆਂ ਜਾਣਗੀਆਂ। 12 ਅਗਸਤ ਨੂੰ ਈਦ–ਉਲ–ਜ਼ੁਹਾ (ਬਕਰੀਦ) ਦਾ ਤਿਉਹਾਰ ਭਾਰਤ ਭਰ ਵਿੱਚ ਮਨਾਇਆ ਜਾਵੇਗਾ।
ਪਿਛਲੇ ਦਿਨੀਂ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਜੰਮੂ ਕਸ਼ਮੀਰ ਮੁੱਦੇ 'ਤੇ ਕਿਹਾ ਸੀ ਕਿ ਜੰਮੂ–ਕਸ਼ਮੀਰ ਵਿੱਚ ਕਿਤੇ ਹਿੰਸਾ ਵਾਪਰਦੀ ਹੈ ਤਾਂ ਅਜਿਹੀ ਸਥਿਤੀ ਲਈ ਕੇਂਦਰ ਸਰਕਾਰ ਜ਼ਿੰਮੇਵਾਰ ਹੋਵੇਗੀ। ਜ਼ਿਕਰਯੋਗ ਹੈ ਕਿ 5 ਅਗਸਤ ਨੂੰ ਕੇਂਦਰ ਸਰਕਾਰ ਵੱਲੋਂ ਵੱਡਾ ਫ਼ੈਸਲਾ ਲੈਂਦੇ ਹੋਏ ਜੰਮੂ–ਕਸ਼ਮੀਰ ਤੋਂ ਧਾਰਾ 370 ਨੂੰ ਖ਼ਤਮ ਕਰ ਦਿੱਤਾ ਗਿਆ ਸੀ। ਜੰਮੂ–ਕਸ਼ਮੀਰ ਦੇ ਦੋ ਹਿੱਸੇ ਕਰ ਕੇ ਉਸ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਜੰਮੂ–ਕਸ਼ਮੀਰ ਤੇ ਲੱਦਾਖ ਵਿੱਚ ਵੰਡ ਦਿੱਤਾ ਗਿਆ ਸੀ।