ਨਵੀਂ ਦਿੱਲੀ: ਜੇਪੀ ਨੱਡਾ ਨੂੰ ਭਾਰਤੀ ਜਨਤਾ ਪਾਰਟੀ (ਬੀਜੇਪੀ) ਦਾ ਨਵਾਂ ਪ੍ਰਧਾਨ ਚੁਣ ਲਿਆ ਗਿਆ ਹੈ। ਪਾਰਟੀ ਦੇ ਕੌਮੀ ਚੋਣ ਅਧਿਕਾਰੀ ਰਾਧਾਮੋਹਨ ਸਿੰਘ ਨੇ ਜੇਪੀ ਨੱਡਾ ਦੇ ਪ੍ਰਧਾਨ ਚੁਣੇ ਜਾਣ ਦਾ ਐਲਾਨ ਕੀਤਾ। ਜਿਸ ਤੋਂ ਬਾਅਦ ਬੀਜੇਪੀ ਵੱਲੋਂ ਦਿੱਲੀ ਸਥਿਤ ਪਾਰਟੀ ਦੇ ਮੁੱਖ ਦਫ਼ਤਰ 'ਚ ਸੰਮੇਲਨ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅਸੀਂ ਘੱਟ ਸਮੇਂ ਲਈ ਨਹੀਂ ਆਏ ਬਲਕਿ ਸਾਨੂੰ ਸਦੀਆਂ ਤੱਕ ਦੇਸ਼ ਦੀ ਸੇਵਾ ਕਰਨੀ ਹੈ।
ਵਿਰੋਧੀਆਂ 'ਤੇ ਵਰ੍ਹੇ ਮੋਦੀ
ਮੋਦੀ ਨੇ ਕਿਹਾ ਕਿ ਜਿਨ੍ਹਾਂ ਉਮੀਦਾਂ ਦੇ ਨਾਲ ਪਾਰਟੀ ਦਾ ਜਨਮ ਹੋਇਆ, ਉਸ ਨੂੰ ਪੂਰਾ ਕੀਤੇ ਬਿਨਾਂ ਅਸੀਂ ਚੈਨ ਨਾਲ ਨਹੀਂ ਬੈਠਾਂਗੇ। ਮੋਦੀ ਨੇ ਵਿਰੋਧੀ ਪਾਰਟੀਆਂ 'ਤੇ ਨਿਸ਼ਾਨਾ ਲਗਾਉਂਦੇ ਹੋਏ ਕਿਹਾ ਕਿ ਜਨਤਾ ਨੇ ਇਨ੍ਹਾਂ ਨੂੰ ਨਾਕਾਰ ਦਿੱਤਾ ਹੈ ਅਤੇ ਹੁਣ ਉਹ ਝੂਠ ਅਤੇ ਭ੍ਰਿਸ਼ਟਾਚਾਰ ਦਾ ਕੰਮ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਨਕਾਰੇ ਗਏ ਲੋਕ ਭਰਮ ਫੈਲਾ ਰਹੇ ਹਨ।
ਇਸ ਦੌਰਾਨ ਜੇਪੀ ਨੱਡਾ ਨੇ ਕਿਹਾ ਕਿ ਮੇਰੇ ਵਰਗੇ ਸਾਧਾਰਨ ਵਰਕਰ, ਜਿਸ ਦਾ ਰਾਜਨੀਤਿਕ ਪਿਛੋਕੜ ਨਹੀਂ ਸੀ, ਜਿਹੜਾ ਹਿਮਾਚਲ ਪ੍ਰਦੇਸ਼ ਦੇ ਕਿਸੇ ਦੂਰ ਦੁਰਾਡੇ ਤੋਂ ਹੈ - ਜੇ ਮੇਰੇ ਵਰਗੇ ਕਿਸੇ ਨੂੰ ਇਹ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਤਾਂ ਇਹ ਭਾਜਪਾ ਦੀ ਵਿਸ਼ੇਸ਼ਤਾ ਹੈ ਅਤੇ ਇਹ ਸਿਰਫ ਭਾਜਪਾ ਵਿੱਚ ਹੀ ਸੰਭਵ ਹੈ।
jp nadda ceremony party headquarter pm modi speech ਦੱਸਦਈਏ ਕਿ ਜੇਪੀ ਨੱਡਾ ਹਿਮਾਚਲ ਪ੍ਰਦੇਸ਼ ਤੋਂ ਰਾਜ ਸਭਾ ਮੈਂਬਰ ਹਨ ਅਤੇ ਆਰਐੱਸਐੱਸ ਦੇ ਜ਼ਰੀਏ ਪਾਰਟੀ ਵਿੱਚ ਹੇਠਲੇ ਪੱਧਰ 'ਤੇ ਕੰਮ ਕਰਦੇ ਆਏ ਹਨ। ਨੱਡਾ ਭਾਜਪਾ ਦੇ 11ਵੇਂ ਰਾਸ਼ਟਰੀ ਪ੍ਰਧਾਨ ਬਣੇ ਹਨ। ਉਹ ਤਿੰਨ ਸਾਲ ਇਸ ਅਹੁਦੇ ‘ਤੇ ਰਹੇਗਾ। ਇਸ ਸਮੇਂ ਦੌਰਾਨ, ਦਿੱਲੀ ਤੋਂ ਬਾਅਦ ਬਿਹਾਰ, ਬੰਗਾਲ, ਉੱਤਰ ਪ੍ਰਦੇਸ਼, ਤਾਮਿਲਨਾਡੂ ਸਣੇ ਕਈ ਵੱਡੇ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ, ਜੋ ਉਨ੍ਹਾਂ ਲਈ ਵੱਡੀ ਚੁਣੌਤੀ ਹੋਵੇਗੀ।