ਨਵੀਂ ਦਿੱਲੀ: ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਹੁਣ ਡਰੱਗ ਮਾਫ਼ੀਆ 'ਤੇ ਨਕੇਲ ਨਾ ਕੱਸੇ ਜਾਣ ਨੂੰ ਲੈ ਕੇ ਚਿੰਤਾ ਪ੍ਰਗਟਾਈ ਹੈ ਤੇ ਕੇਂਦਰ ਦੇ ਨਾਲ-ਨਾਲ ਸੂਬਾ ਸਰਕਾਰ ਨੂੰ ਘੇਰਿਆ ਹੈ। ਪ੍ਰਤਾਪ ਸਿੰਘ ਬਾਜਵਾ ਨੇ ਕੇਂਦਰੀ ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਨੂੰ ਚਿੱਠੀ ਲਿਖ ਕੇ ਪੁੱਛਿਆ ਹੈ ਕਿ ਪੰਜਾਬ 'ਚ ਨਸ਼ਾ ਰੋਕਣ ਲਈ ਬਣਾਈ ਗਈ ਸਪੈਸ਼ਲ ਇਨਵੇਸਟੀਗੇਸ਼ਨ ਟੀਮ ਵੱਲੋਂ ਸੀਲਬੰਦ ਲਿਫ਼ਾਫੇ 'ਚ ਸੌਂਪੇ ਗਏ ਨਾਂਅ ਜਨਤਕ ਕਿਉਂ ਨਹੀਂ ਕੀਤੇ ਗਏ।
ਪ੍ਰਤਾਪ ਸਿੰਘ ਬਾਜਵਾ ਦਾ ਦਾਅਵਾ ਹੈ ਕਿ ਇਸ ਸੀਲਬੰਦ ਲਿਫ਼ਾਫੇ ਚ ਡਰੱਗ ਮਾਫ਼ੀਆ ਦੇ ਵੱਡੇ ਮਗਰਮੱਛ ਦੇ ਨਾਂਅ ਸ਼ਾਮਲ ਹਨ ਜਿਨ੍ਹਾਂ 'ਚ ਪੁਲਿਸ ਦੇ ਉੱਚ ਅਧਿਕਾਰੀ ਵੀ ਸ਼ਾਮਲ ਹਨ। ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਐਸਆਈਟੀ ਵੱਲੋਂ ਭੇਜੇ ਗਏ ਨਾਂਅ ਜਨਤਕ ਕੀਤੇ ਜਾਣ। ਉਨ੍ਹਾਂ ਨੂੰ ਜੇਲ੍ਹ ਭੇਜਿਆ ਜਾਵੇ।
ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਇਹ ਕਿਹਾ ਸੀ ਕਿ ਜੇ ਅਸੀਂ ਸੱਤਾ ਵਿਚ ਆਉਂਦੇ ਹਾਂ ਤਾਂ ਅਸੀਂ ਪੰਜਾਬ ਵਿਚੋਂ ਨਸ਼ਿਆਂ ਦਾ ਖਾਤਮਾ ਕਰਾਂਗੇ, ਪਰ ਸਥਿਤੀ ਜਿਉਂ ਦੀ ਤਿਉਂ ਬਣੀ ਹੋਈ ਹੈ। ਪੰਜਾਬ ਸਰਕਾਰ ਨੇ ਛੋਟੀਆਂ ਮੱਛੀਆਂ ਉੱਤੇ ਕਾਰਵਾਈ ਕੀਤੀ ਹੈ। ਵੱਡੇ ਮਗਰਮੱਛ ਬਚੇ ਹੋਏ ਹਨ।
ਉਨ੍ਹਾਂ ਕਿਹਾ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਆਪਣੀਆਂ ਏਜੰਸੀਆਂ ਦੀ ਵਰਤੋਂ ਕਰਕੇ ਵਿਦੇਸ਼ਾਂ ਵਿਚ ਬੈਠੇ ਵੱਡੇ ਲੋਕਾਂ ਨੂੰ ਤੁਰੰਤ ਪ੍ਰਭਾਵ ਨਾਲ ਲਿਆਉਣ ਅਤੇ ਜੋ ਪੁਲਿਸ ਅਧਿਕਾਰੀ ਅਤੇ ਨੇਤਾ ਇਸ ਨੇਕਸਸ ਵਿਚ ਸ਼ਾਮਲ ਹਨ। ਉਨ੍ਹਾਂ ਦੇ ਨਾਂਅ ਜਨਤਕ ਕਰਕੇ ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਵੇ।
ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਇਸ ਵੇਲੇ ਮੈਂ ਕਾਨੂੰਨ ਮੰਤਰੀ ਨੂੰ ਇੱਕ ਪੱਤਰ ਲਿਖਿਆ ਹੈ ਅਤੇ ਜਲਦੀ ਹੀ ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਅਜਿਹਾ ਹੀ ਪੱਤਰ ਲਿਖਾਂਗਾ। ਕੈਪਟਨ ਅਮਰਿੰਦਰ ਸਿੰਘ ਨੇ ਗੁੱਟਕਾ ਸਾਹਬ ਆਪਣੇ ਹੱਥ ਵਿੱਚ ਲੈ ਕੇ ਸਹੁੰ ਖਾਧੀ ਸੀ ਕਿ ਪੰਜਾਬ ਤੋਂ ਨਸ਼ਾ ਖ਼ਤਮ ਹੋ ਜਾਵੇਗਾ ਪਰ ਸਥਿਤੀ ਕੁਝ ਵੀ ਨਹੀਂ ਬਦਲੀ।