ਨਵੀਂ ਦਿੱਲੀ: ਭਾਜਪਾ ਆਗੂਆਂ ਦੇ ਨਫ਼ਰਤ ਭਰੇ ਬਿਆਨਾਂ ਨੂੰ ਨਜ਼ਰ ਅੰਦਾਜ਼ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਨੂੰ ਸੂਚਨਾ ਤਕਨਾਲੋਜੀ ਸਬੰਧੀ ਸੰਸਦ ਦੀ ਸਥਾਈ ਕਮੇਟੀ ਨੇ ਸੰਮਨ ਭੇਜਿਆ ਹੈ ਅਤੇ ਫੇਸਬੁੱਕ ਨੁਮਾਇੰਦਿਆਂ ਨੂੰ 2 ਸਤੰਬਰ ਨੂੰ ਆਪਣੇ ਮੰਚ ਦੀ ਕਥਿਤ ਦੁਰਵਰਤੋਂ ਦੇ ਮੁੱਦੇ ਉੱਤੇ ਵਿਚਾਰ ਕਰਨ ਲਈ ਪੇਸ਼ ਹੋਣਾ ਪਵੇਗਾ।
ਕਾਂਗਰਸ ਦੇ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਸ਼ਸ਼ੀ ਥਰੂਰ ਦੀ ਅਗਵਾਈ ਵਾਲੀ ਕਮੇਟੀ ਇਸ ਮਾਮਲੇ ਵਿਚ 2 ਸਤੰਬਰ ਨੂੰ ਫੇਸਬੁੱਕ ਦੇ ਨੁਮਾਇੰਦਿਆਂ ਦਾ ਪੱਖ ਸੁਣੇਗੀ। ਬੈਠਕ ਵਿਚ ਨਾਗਰਿਕਾਂ ਦੇ ਅਧਿਕਾਰਾਂ ਦੀ ਰਾਖੀ ਅਤੇ ਆਨਲਾਈਨ ਸੋਸ਼ਲ ਮੀਡੀਆ ਫੋਰਮਾਂ ਦੀ ਦੁਰਵਰਤੋਂ ਨੂੰ ਰੋਕਣ ਦੇ ਵਿਸ਼ੇ 'ਤੇ ਚਰਚਾ ਕੀਤੀ ਜਾਵੇਗੀ ਜਿਸ ਵਿਚ ਡਿਜੀਟਲ ਦੁਨੀਆ ਵਿਚ ਔਰਤਾਂ ਦੀ ਸੁਰੱਖਿਆ 'ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਵੇਗਾ।
ਫੇਸਬੁੱਕ-ਬੀਜੇਪੀ ਵਿਵਾਦ ਦੇ ਸਬੰਧ ਵਿੱਚ ਭਾਜਪਾ ਦੇ ਕਈ ਸੰਸਦ ਮੈਂਬਰਾਂ ਨੇ ਸ਼ਸ਼ੀ ਥਰੂਰ ਦੇ ਖਿਲਾਫ ਲੋਕ ਸਭਾ ਦੇ ਸਪੀਕਰ ਨੂੰ ਪੱਤਰ ਲਿਖਿਆ ਹੈ। ਸਪੀਕਰ ਓਮ ਬਿਰਲਾ ਨੂੰ ਲਿਖੇ ਇਸ ਪੱਤਰ ਵਿੱਚ ਮੰਗ ਕੀਤੀ ਗਈ ਹੈ ਕਿ ਥਰੂਰ ਨੂੰ ਆਈਟੀ ਮਾਮਲਿਆਂ ਬਾਰੇ ਸੰਸਦੀ ਕਮੇਟੀ ਦੇ ਚੇਅਰਮੈਨ ਦੇ ਅਹੁਦੇ ਤੋਂ ਹਟਾ ਦਿੱਤਾ ਜਾਵੇ।