ਨਵੀਂ ਦਿੱਲੀ: ਸੰਸਦ ਦਾ ਸਰਦ ਰੁੱਤ ਇਜਲਾਸ ਸ਼ੁਰੂ ਹੋ ਚੁੱਕਿਆ ਹੈ। ਇਸ ਸੈਸ਼ਨ ਵਿੱਚ ਕਈ ਅਹਿਮ ਮੁੱਦਿਆਂ 'ਤੇ ਵਿਚਾਰ ਚਰਚਾ ਕੀਤੀ ਜਾ ਰਹੀ ਹੈ। ਇਸ ਇਜਲਾਸ ਚ ਕਈ ਅਹਿਮ ਮੁੱਦਿਆਂ 'ਤੇ ਸਰਕਾਰ ਵਿਰੋਧੀ ਧਿਰ ਦੇ ਨਿਸ਼ਾਨੇ 'ਤੇ ਵੀ ਹੋਵੇਗੀ। ਇਹ ਇਜਲਾਸ 13 ਦਸੰਬਰ ਤਕ ਚੱਲੇਗਾ।
13 ਦਸੰਬਰ ਤਕ ਚੱਲਣ ਵਾਲੇ ਇਸ ਇਜਲਾਸ 'ਚ ਜਿੱਥੇ ਸਰਕਾਰ ਨਾਗਰਿਕਤਾ ਸੋਧ ਬਿਲ ਸਣੇ ਸਾਰੇ ਬਿਲ ਪਾਸ ਕਰਾਉਣ ਦੀ ਕੋਸ਼ਿਸ਼ 'ਚ ਹੋਵੇਗੀ। ਉੱਥੇ ਹੀ ਇਸ ਵਾਰ ਸੰਸਦ ਦੇ ਇਸ ਸੈਸ਼ਨ 'ਚ ਗਰਮਾ-ਗਰਮ ਬਹਿਸ ਹੋਣ ਦੇ ਵੀ ਆਸਾਰ ਲਾਏ ਜਾ ਰਹੇ ਹਨ। ਇਜਲਾਸ 'ਚ ਵਿਰੋਧੀ ਧਿਰ ਨੇ ਸਰਕਾਰ ਨੂੰ ਘੇਰਨ ਲਈ ਦਿਨੋਂ-ਦਿਨ ਘੱਟ ਰਹੇ ਰੁਜ਼ਗਾਰ ਦੇ ਮੁੱਦੇ ਨੂੰ ਵੱਡਾ ਮੁੱਦਾ ਬਨਾਉਣ ਦਾ ਫ਼ੈਸਲਾ ਕੀਤਾ ਹੈ ਇਸ ਦੇ ਨਾਲ ਹੀ ਜੰਮੂ ਕਸ਼ਮੀਰ ਅਤੇ ਕਿਸਾਨਾਂ ਦੇ ਮੁੱਦੇ 'ਤੇ ਵੀ ਬਹਿਸ ਹੋ ਸਕਦੀ ਹੈ।
ਇਹ ਵੀ ਪੜ੍ਹੋ- ਅਯੁੱਧਿਆ ਕੇਸ 'ਤੇ ਫੈਸਲਾ ਦੇਣ ਵਾਲੇ ਜੱਜ ਨੂੰ ਮਿਲੀ ਧਮਕੀ, ਵਧਾਈ ਗਈ ਸੁਰੱਖਿਆ
ਜ਼ਿਕਰਯੋਗ ਹੈ ਕਿ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਪਹਿਲਾ ਸੈਸ਼ਨ ਜੰਮੂ ਕਸ਼ਮੀਰ 'ਚੋਂ ਧਾਰਾ 370 ਖ਼ਤਮ ਕਰਨ ਅਤੇ ਲੱਦਾਖ਼ ਅਤੇ ਜੰਮੂ ਕਸ਼ਮੀਰ ਨੂੰ ਕੇਂਦਰ ਸ਼ਾਸਿਤ ਪ੍ਰੇਦਾਸ਼ ਬਣਾਉਣ ਕਾਰਨ ਚਰਚਾ 'ਚ ਰਿਹਾ ਸੀ। ਪਰ ਇਸ ਵਾਰ ਸਭ ਦੀਆਂ ਨਿਗਾਹਾਂ ਨਾਗਰਿਕਤਾ ਸੋਧ ਬਿਲ 'ਤੇ ਹੋਣਗੀਆਂ ਕਿਉਂਕਿ ਇਸ ਵਾਰ ਸਰਕਾਰ ਦਾ ਸਾਰਾ ਧਿਆਨ ਇਸ ਬਿਲ ਨੂੰ ਪਾਸ ਕਰਾਉਣ 'ਤੇ ਹੋਵੇਗਾ।
ਦੱਸਣਯੋਗ ਹੈ ਕਿ ਇਜਲਾਸ ਤੋਂ ਇੱਕ ਦਿਨ ਪਹਿਲਾਂ ਕੇਂਦਰ ਸਰਕਾਰ ਵੱਲੋਂ ਬੈਠਕ ਸੱਦੀ ਗਈ ਸੀ ਜਿਸ 'ਚ ਮੰਤਰੀਆਂ ਨੂੰ ਇਜਲਾਸ ਨੂੰ ਸਾਂਤੀ ਅਤੇ ਸੁਚਾਰੂ ਢੰਗ ਨਾਲ ਚਲਾਉਣ ਦੀ ਅਪੀਲ ਕੀਤੀ ਗਈ ਸੀ। ਅਤੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਸੀ ਕਿ ਸਰਕਾਰ ਮੁੱਦਿਆਂ 'ਤੇ ਬਹਿਸ ਲਈ ਤਿਆਰ ਹੈ।