ਨਵੀਂ ਦਿੱਲੀ: ਸੰਸਦ ਦਾ ਮੌਨਸੂਨ ਸੈਸ਼ਨ 1 ਅਕਤੂਬਰ ਤੋਂ ਪਹਿਲਾਂ ਹੀ ਖ਼ਤਮ ਕਰਨ ਦਾ ਵਿਚਾਰ ਕੀਤਾ ਜਾ ਰਿਹਾ ਹੈ। ਲੋਕ ਸਭਾ ਦੀ ਬੈਠਕ ਸ਼ਾਮ ਨੂੰ ਹੋਈ ਜਿਸ ਵਿੱਚ ਇਸ ਮੁੱਦੇ ਸਬੰਧੀ ਚਰਚਾ ਕੀਤੀ ਗਈ। ਇਸ ਬਾਰੇ ਸਰਕਾਰ ਅਤੇ ਵਿਰੋਧੀ ਧਿਰ ਵਿਚਕਾਰ ਵੀ ਗੱਲਬਾਤ ਕੀਤੀ ਗਈ।
ਦੱਸ ਦਈਏ ਬੀਏਸੀ ਦੀ ਬੈਠਕ ਵਿਚ ਮੌਨਸੂਨ ਸੈਸ਼ਨ ਨੂੰ ਜਲਦੀ ਖ਼ਤਮ ਕਰਨ ‘ਤੇ ਸਹਿਮਤੀ ਬਣ ਗਈ ਹੈ। ਸੈਸ਼ਨ ਦੌਰਾਨ 2 ਮੰਤਰੀਆਂ ਅਤੇ ਇੱਕ ਭਾਜਪਾ ਸੰਸਦ ਦੇ ਕੋਰੋਨਾ ਪੌਜ਼ੀਟਿਵ ਪਾਏ ਜਾਣ ਤੋਂ ਬਾਅਦ ਮੌਨਸੂਨ ਸੈਸ਼ਨ ਨਿਰਧਾਰਤ ਸਮੇਂ ਤੋਂ ਪਹਿਲਾਂ ਖ਼ਤਮ ਹੋਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। ਸੰਸਦ ਦਾ ਮੌਨਸੂਨ ਸੈਸ਼ਨ ਅਗਲੇ ਹਫ਼ਤੇ ਬੁੱਧਵਾਰ ਨੂੰ ਸਮਾਪਤ ਹੋ ਸਕਦਾ ਹੈ।
ਸੰਸਦ ਦਾ ਚੱਲ ਰਿਹਾ ਸੈਸ਼ਨ ਮੰਗਲਵਾਰ ਜਾਂ ਬੁੱਧਵਾਰ ਨੂੰ ਅਗਲੇ ਹਫ਼ਤੇ ਸਮਾਪਤ ਹੋ ਸਕਦਾ ਹੈ। ਭਾਜਪਾ ਦੇ ਸੰਸਦ ਮੈਂਬਰ ਵਿਨੈ ਸਹਿਤਰਬੁੱਧੇ ਨੇ ਰਾਜ ਸਭਾ ਵਿੱਚ ਭਾਸ਼ਣ ਦਿੱਤਾ। ਇਸ ਤੋਂ ਬਾਅਦ ਉਹ ਕੋਰੋਨਾ ਪੌਜ਼ੀਟਿਵ ਪਾਏ ਗਏ। ਹਾਲਾਂਕਿ, ਸੈਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਕੀਤੀ ਗਈ ਜਾਂਚ ਵਿਚ ਉਹ ਨੈਗੇਟਿਵ ਪਾਏ ਗਏ ਸਨ। ਇਸੇ ਤਰ੍ਹਾਂ ਨਿਤਿਨ ਗਡਕਰੀ ਅਤੇ ਪ੍ਰਹਿਲਾਦ ਪਟੇਲ ਵੀ ਬਾਅਦ ਵਿਚ ਪੌਜ਼ੀਟਿਵ ਪਾਏ ਗਏ ਸਨ।
ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਬੁੱਧਵਾਰ ਨੂੰ ਟਵੀਟ ਕੀਤਾ ਕਿ ਉਨ੍ਹਾਂ ਦੀ ਰਿਪੋਰਟ ਕੋਰੋਨਾ ਪੌਜ਼ੀਟਿਵ ਆਈ ਹੈ। ਇਸ ਤੋਂ ਪਹਿਲਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਕਈ ਕੇਂਦਰੀ ਮੰਤਰੀਆਂ ਅਤੇ ਸੰਸਦ ਮੈਂਬਰ ਕੋਵਿਡ-19 ਦੀ ਚਪੇਟ ਵਿੱਚ ਆਏ ਸਨ।
ਨਿਤਿਨ ਗਡਕਰੀ ਨੇ ਟਵੀਟ ਕਰਦਿਆਂ ਲਿਖਿਆ ਕਿ ਕੱਲ੍ਹ ਮੈਨੂੰ ਕਮਜ਼ੋਰੀ ਜਿਹੀ ਲੱਗ ਰਹੀ ਸੀ ਤੇ ਫਿਰ ਡਾਕਟਰ ਦੀ ਸਲਾਹ ਲਈ। ਇਸ ਤੋਂ ਬਾਅਦ ਜਦੋਂ ਮੇਰਾ ਚੈਕਅੱਪ ਕੀਤਾ ਗਿਆ ਤਾਂ ਮੇਰੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਈ। ਤੁਹਾਡੇ ਸਾਰਿਆਂ ਦੀਆਂ ਅਸੀਸਾਂ ਅਤੇ ਸ਼ੁੱਭਕਾਮਨਾਵਾਂ ਨਾਲ, ਮੈਂ ਹੁਣ ਚੰਗਾ ਮਹਿਸੂਸ ਕਰ ਰਿਹਾ ਹਾਂ। ਮੈਂ ਆਪਣੇ ਆਪ ਨੂੰ ਆਈਸੋਲੇਟ ਕਰ ਲਿਆ ਹੈ।''
ਸੰਸਦ ਦਾ ਮੌਨਸੂਨ ਸੈਸ਼ਨ 14 ਸਤੰਬਰ ਨੂੰ ਸ਼ੁਰੂ ਹੋਇਆ ਹੈ। ਸੈਸ਼ਨ ਦੇ ਪਹਿਲੇ ਦਿਨ ਲੋਕ ਸਭਾ ਦੀ ਬੈਠਕ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਹੋਈ। ਇਸ ਤੋਂ ਬਾਅਦ, ਦੁਪਹਿਰ 3 ਵਜੇ ਤੋਂ ਸ਼ਾਮ 7 ਵਜੇ ਤੱਕ ਮੀਟਿੰਗਾਂ ਹੋਈ। ਇਸੇ ਤਰ੍ਹਾਂ ਰਾਜ ਸਭਾ ਵਿਚ ਪਹਿਲੇ ਦਿਨ ਯਾਨੀ 14 ਸਤੰਬਰ ਨੂੰ ਸ਼ਾਮ 3 ਵਜੇ ਤੋਂ ਸ਼ਾਮ 7 ਵਜੇ ਤਕ ਇਕ ਮੀਟਿੰਗ ਹੋਈ।
ਇਸ ਤੋਂ ਬਾਅਦ, ਹਰ ਰੋਜ਼ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਮੀਟਿੰਗ ਹੁੰਦੀ ਹੈ। ਇਸ ਸੈਸ਼ਨ ਵਿਚ ਸ਼ਨੀਵਾਰ ਅਤੇ ਐਤਵਾਰ ਨੂੰ ਕੋਈ ਛੁੱਟੀ ਨਹੀਂ ਹੈ। ਮੌਨਸੂਨ ਸੈਸ਼ਨ 14 ਸਤੰਬਰ ਤੋਂ 1 ਅਕਤੂਬਰ ਤੱਕ ਹੋਣਾ ਹੈ, ਜਿਸ ਵਿੱਚ ਕੁੱਲ 18 ਬੈਠਕਾਂ ਦਾ ਪ੍ਰਸਤਾਵ ਹੈ। ਕੋਰੋਨਾ ਵਾਇਰਸ ਦੀ ਵੱਧਦੇ ਮਾਮਲਿਆਂ ਨੂੰ ਵੇਖਦਿਆਂ ਹੋਇਆਂ ਇਸ ਸੈਸ਼ਨ ਨੂੰ ਪਹਿਲਾਂ ਖ਼ਤਮ ਕਰਨ ਦੀ ਸੰਭਾਵਨਾ ਹੈ।