ਨਵੀਂ ਦਿੱਲੀ: ਭਾਰਤ ਦੇ ਮਸ਼ਹੂਰ ਸ਼ਾਸਤਰੀ ਗਾਇਕ ਪੰਡਿਤ ਜਸਰਾਜ ਦਾ ਅਮਰੀਕਾ ਵਿੱਚ ਦੇਹਾਂਤ ਹੋ ਗਿਆ ਹੈ। 90 ਸਾਲ ਦੇ ਪੰਡਿਤ ਜਸਰਾਜ ਦਾ ਦੇਹਾਂਤ ਨਿਊਜਰਸੀ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਹੋਇਆ ਹੈ।
ਪੰਡਿਤ ਜਸਰਾਜ ਮੇਵਾਤੀ ਘਰਾਣੇ ਨਾਲ ਸਬੰਧ ਰੱਖਦੇ ਸਨ, ਜਿਨ੍ਹਾਂ ਦਾ ਜਨਮ 28 ਜਨਵਰੀ 1930 ਨੂੰ ਹੋਇਆ ਸੀ। ਜਸਰਾਜ ਜਦੋਂ ਚਾਰ ਸਾਲ ਦੀ ਉਮਰ ਦੇ ਸਨ, ਉਦੋਂ ਉਨ੍ਹਾਂ ਦੇ ਪਿਤਾ ਪੰਡਿਤ ਮੋਤੀ ਰਾਮ ਦਾ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦਾ ਪਾਲਣ ਪੋਸ਼ਣ ਵੱਡੇ ਭਰਾ ਪ੍ਰਤਾਪ ਨਾਰਾਇਣ ਨੇ ਕੀਤਾ ਅਤੇ ਤਬਲੇ ਦੀ ਸਿੱਖਿਆ ਦਿੱਤੀ।
ਪੰਡਿਤ ਜਸਰਾਜ ਨੂੰ ਪਦਮ ਵਿਭੂਸ਼ਣ, ਪਦਮਸ਼੍ਰੀ ਸੰਗੀਤ ਨਾਟਕ ਅਕਾਦਮੀ ਐਵਾਰਡ, ਮਾਰਵਾਰ ਸੰਗੀਤ ਰਤਨ ਐਵਾਰਡ ਆਦਿ ਨਾਲ ਸਨਮਾਨਤ ਕੀਤਾ ਜਾ ਚੁੱਕਿਆ ਹੈ।
ਪੰਡਿਤ ਜਸਰਾਜ ਨੇ 14 ਸਾਲ ਦੀ ਉਮਰ ਤੋਂ ਇੱਕ ਗਾਇਕ ਵਜੋਂ ਸਿਖਲਾਈ ਅਰੰਭ ਕੀਤੀ ਸੀ। ਸੰਗੀਤ ਦੀ ਦੁਨੀਆਂ ਵਿੱਚ 80 ਸਾਲ ਤੋਂ ਵੱਧ ਦਾ ਸਮਾਂ ਗੁਜਾਰਿਆ ਅਤੇ ਕਈ ਪ੍ਰਮੁੱਖ ਇਨਾਮ ਪ੍ਰਾਪਤ ਕੀਤੇ।
ਸ਼ਾਸਤਰੀ ਅਤੇ ਅਰਧ-ਸ਼ਾਸਤਰੀ ਸੁਰਾਂ ਦੇ ਉਨ੍ਹਾਂ ਦੇ ਪ੍ਰਦਰਸ਼ਨ ਨੂੰ ਐਲਬਮਾਂ ਅਤੇ ਫ਼ਿਲਮ ਸਾਊਂਡਟ੍ਰੈਕ ਦੇ ਰੂਪ ਵਿੱਚ ਵੀ ਬਣਾਇਆ ਗਿਆ ਹੈ। ਜਸਰਾਜ ਨੇ ਭਾਰਤ, ਕੈਨੇਡਾ ਅਤੇ ਅਮਰੀਕਾ ਵਿੱਚ ਸੰਗੀਤ ਸਿਖਾਇਆ ਹੈ। ਉਨ੍ਹਾਂ ਦੇ ਕਈ ਚੇਲੇ ਬਹੁਤ ਵਧੀਆ ਸੰਗੀਤਕਾਰ ਵੀ ਬਣੇ ਹਨ।