ਪੰਚਕੂਲਾ: ਪੰਚਕੂਲਾ 'ਚ 5 ਸਾਲ ਦੀ ਬੱਚੀ ਨਾਲ ਰੇਪ ਕਰਨ ਤੇ ਬਾਅਦ 'ਚ ਪੱਥਰ ਮਾਰ ਕੇ ਉਸ ਦੀ ਬੇਰਿਹਮੀ ਨਾਲ ਕੀਤੇ ਕਤਲ ਮਾਮਲੇ 'ਚ ਪੰਚਕੂਲਾ ਐਡੀਸ਼ਨਲ ਸੈਸ਼ਨ ਜੱਜ ਨਰੇਂਦਰ ਸੂਰਾ ਨੇ ਨਾਬਾਲਿਗ ਦੋਸ਼ੀ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਹੈ। ਕੋਰਟ ਨੇ ਨਬਾਲਿਗ ਦੋਸ਼ੀ ਨੂੰ 30 ਹਜ਼ਾਰ ਰੁਪਏ ਦਾ ਜ਼ੁਰਮਾਨਾ ਵੀ ਲਗਾਇਆ ਹੈ।
ਪੰਚਕੂਲਾ ਅਦਾਲਤ ਦਾ ਇਹ ਇਤਿਹਾਸਕ ਫੈਸਲਾ ਹੈ। ਇਸ ਮਾਮਲੇ 'ਚ ਟ੍ਰਾਇਲ ਸ਼ੁਰੂ ਹੋਣ ਦੇ ਸਿਰਫ਼ ਦੋ ਮਹੀਨਿਆਂ 'ਚ ਦੋਸ਼ੀ ਨੂੰ ਸਜ਼ਾ ਸੁਣਾਈ ਗਈ ਹੈ।
ਕੋਰਟ ਨੇ ਪੋਕਸੋ ਐਕਟ ਦੇ ਸੈਕਸ਼ਨ 6 ਤਹਿਤ 20 ਸਾਲ ਦੀ ਸਜ਼ਾ ਤੇ 10 ਹਜ਼ਾਰ ਰੁਪਏ ਜ਼ੁਰਮਾਨਾ, ਆਈਪੀਸੀ ਦੀ ਧਾਰਾ 376 ਤਹਿਤ 20 ਸਾਲ ਦੀ ਸਜ਼ਾ ਤੇ 10 ਹਜ਼ਾਰ ਰੁਪਏ ਜ਼ੁਰਮਾਨਾ, ਆਈਪੀਸੀ ਦੀ ਧਾਰਾ 302 ਤਹਿਤ ਉਮਰ ਕੈਦ (ਪੂਰੀ ਉਮਰ ਨਹੀਂ ਬਲਕਿ ਸਟੇਟ ਪਾਲਿਸੀ ਦੇ ਅਨੁਸਾਰ) ਸਜ਼ਾ ਸੁਣਾਈ ਹੈ।
ਬੀਤੇ ਦਿਨੀਂ ਜ਼ਿਲ੍ਹਾ ਅਦਾਲਤ ਨੇ ਮੁਲਜ਼ਮ ਨੂੰ ਦੋਸ਼ੀ ਕਰਾਰ ਦਿੱਤਾ ਸੀ। ਜ਼ਿਲ੍ਹਾ ਅਟਾਰਨੀ ਪੰਕਜ ਗਰਗ ਨੇ ਕਿਹਾ ਕਿ ਕੋਰਟ ਨੇ ਇਸ ਮਾਮਲੇ 'ਚ ਇਤਿਹਾਸਕ ਫੈਸਲਾ ਸੁਣਾਇਆ ਹੈ। ਇਸ ਤਰ੍ਹਾਂ ਦੇ ਗੁਨਾਹ ਕਰਨ ਵਾਲਿਆਂ 'ਤੇ ਇਸ ਫੈਸਲੇ ਦਾ ਡੂੰਘਾ ਅਸਰ ਪਵੇਗਾ।
ਜ਼ਿਕਰਯੋਗ ਹੈ ਕਿ 13 ਮਈ 2019 ਨੂੰ ਪੰਚਕੂਲਾ 'ਚ ਦੋਸ਼ੀ ਨੇ ਸੈਕਟਰ 14 ਸਥਿਤ ਲਿਟਲ ਫਲਾਵਰ ਕਾਨਵੈਂਟ ਸਕੂਲ ਦੇ ਨਾਲ ਖਾਲੀ ਪਲਾਟ 'ਚ ਮਾਸੂਮ ਬੱਚੀ ਨਾਲ ਰੇਪ ਕਰਕੇ ਉਸ ਦੇ ਸਿਰ 'ਤੇ ਪੱਥਰ ਮਾਰ ਕੇ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਸੀ ਜਿਸ ਤੋਂ ਬਾਅਦ ਪੁਲਿਸ ਨੇ ਸਮੇਂ ਰਹਿੰਦੇ ਹੀ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ।