ਹੈਦਰਾਬਾਦ: ਪਾਕਿਸਤਾਨ ਨੇ ਨਵੀਂ ਦਿੱਲੀ ਵਿੱਚ ਸਥਿਤ ਆਪਣੇ ਹਾਈ ਕਮਿਸ਼ਨ ਰਾਹੀਂ ਭਾਰਤ ਦੇ ਵੱਖ-ਵੱਖ ਸ਼ਹਿਰਾਂ ਵਿੱਚੋਂ ਆਪਣੇ 41 ਨਾਗਰਿਕਾਂ ਨੂੰ 16 ਅਪਰੈਲ ਨੂੰ ਅਟਾਰੀ- ਵਾਹਗਾ ਸਰਹੱਦ ਰਾਹੀਂ ਪਾਕਿਸਤਾਨ ਵਾਪਿਸ ਬੁਲਾਉਣ ਲਈ ਭਾਰਤੀ ਅਧਿਕਾਰੀਆਂ ਤੋਂ ਸਹਾਇਤਾ ਦੀ ਮੰਗ ਕੀਤੀ ਹੈ। ਹਾਈ ਕਮਿਸ਼ਨ ਨੇ ਬੇਨਤੀ ਕੀਤੀ ਹੈ ਕਿ ਦਿੱਲੀ, ਹਰਿਆਣਾ, ਉੱਤਰ-ਪ੍ਰਦੇਸ਼ ਅਤੇ ਪੰਜਾਬ ਦੇ ਅਲੱਗ ਅਲੱਗ ਹਿੱਸਿਆਂ ਤੋਂ ਪਾਕਿਸਤਾਨੀ ਨਾਗਰਿਕਾਂ ਨੂੰ ਵੀਰਵਾਰ, ਸੁਬਹ 10 ਵਜੇ, ਅਟਾਰੀ ਤੋਂ ਭਾਰਤ - ਪਾਕ ਸਰਹੱਦ ਪਾਰ ਕਰਵਾ ਕੇ ਵਾਹਗਾ ਵੱਲ ਨੂੰ ਭੇਜ ਦਿੱਤਾ ਜਾਵੇਗਾ। ਦੱਸ ਦਈਏ, ਵੀਰਵਾਰ ਨੂੰ ਤਕਰੀਬਨ 40 ਪਾਕਿਸਤਾਨੀ ਨਾਗਰਿਕ ਸਰਹੱਦ ਪਾਰ ਕਰ ਵਾਹਗਾ ਪੰਹੁਚਣਗੇ।
ਵਿਦੇਸ਼ ਮੰਤਰਾਲੇ (ਐੱਮ.ਈ.ਏ.) ਦੇ ਵਧੀਕ ਸਕੱਤਰ ਸ਼੍ਰੀ ਦਾਮੂ ਰਵੀ, ਜੋ ਕਿ ਕੋਵਿਡ - 19 ਐਮਰਜੈਂਸੀ ਸੈੱਲ ਦੇ ਕੋ-ਆਰਡੀਨੇਟਰ ਵੀ ਹਨ, ਨੇ ਪਾਕਿਸਤਾਨ ਹਾਈ ਕਮਿਸ਼ਨ ਦੀ ਬੇਨਤੀ ਦੇ ਜਵਾਬ ਵਿੱਚ ਲਿਖੇ ਇੱਕ ਪੱਤਰ ਵਿੱਚ, ਸਬੰਧਤ ਰਾਜਾਂ ਦੀ ਪੁਲੀਸ ਦੇ ਮੁਖੀਆਂ (ਡਾਇਰੈਕਟਰ ਜਨਰਲਾਂ) ਨੂੰ ਪਾਕਿਸਤਾਨੀ ਨਾਗਰਿਕਾਂ ਦੀ ਆਵਾਜਾਈ ਨੂੰ ਸੁਖਾਲਾ ਬਣਾਉਣ ਲਈ ਬੇਨਤੀ ਕੀਤੀ ਗਈ ਹੈ। 14 ਅਪ੍ਰੈਲ 2020 ਨੂੰ ਲਿਖੀ ਗਈ ਚਿੱਠੀ ਵਿੱਚ ਉਹਨਾਂ ਵਾਹਨਾਂ ਅਤੇ ਪਾਕਿਸਤਾਨੀ ਨਾਗਰਿਕਾਂ ਦਾ ਵੇਰਵਾ ਵੀ ਦਿੱਤਾ ਗਿਆ ਹੈ ਜਿਨ੍ਹਾਂ ਦੇ ਆਵਾਗਮਨ ਨੂੰ ਇਸ ਮਕਸਦ ਦੇ ਮੱਦੇਨਜ਼ਰ ਸੁਖਾਲਿਆਂ ਬਣਾਏ ਜਾਣ ਦੀ ਦਰਕਾਰ ਹੈ।
ਵੀਰਵਾਰ ਨੂੰ ਪਾਕਿਸਤਾਨ ਹਾਈ ਕਮਿਸ਼ਨ ਨੂੰ ਅਧਿਕਾਰਤ ਤੋਰ ’ਤੇ ਭਾਰਤ ਵਿੱਚ ਫਸੇ 188 ਪਾਕਿਸਤਾਨੀ ਨਾਗਰਿਕਾਂ ਵਿਚੋਂ 40 ਨੂੰ ਵਾਪਸ ਭੇਜੇ ਜਾਣ ਦੇ ਬਾਬਤ ਜਾਣਕਾਰੀ ਦਿੱਤੀ ਗਈ ਹੈ। ਇੱਕ ਭਾਰਤੀ ਅਧਿਕਾਰੀ ਨੇ ਕਿਹਾ ਕਿ, “ਐੱਮ.ਈ.ਏ. ਮੌਜੂਦਾ ਸਮੇਂ ਭਾਰਤ ਵਿੱਚ ਫਸੇ ਵਿਦੇਸ਼ੀ ਨਾਗਰਿਕਾਂ ਨੂੰ ਉਨ੍ਹਾਂ ਦੇ ਦੇਸ਼ਾਂ ਨੂੰ ਵਾਪਸ ਭੇਜਣ ਦੀ ਸਹੂਲਤ ਮੁਹੱਈਆ ਕਰਵਾ ਰਿਹਾ ਹੈ। ਇਨ੍ਹਾਂ ਵਿੱਚ ਪਾਕਿਸਤਾਨ ਦੇ ਨਾਗਰਿਕ ਵੀ ਸ਼ਾਮਲ ਹਨ। ਪਾਕਿਸਤਾਨ ਦੇ ਹਾਈ ਕਮਿਸ਼ਨ ਤੋਂ ਸਾਨੂੰ ਪਤਾ ਲੱਗਾ ਹੈ ਕਿ ਇਸ ਸਮੇਂ ਉਨ੍ਹਾਂ ਦੇ 180 ਨਾਗਰਿਕ ਭਾਰਤ ਵਿੱਚੋਂ ਵਾਪਸ ਆਪਣੇ ਮੁਲਕ ਜਾਣਾ ਚਾਹੁੰਦੇ ਹਨ। ਅਸੀਂ ਉਨ੍ਹਾਂ ਦੀ ਵਾਪਸੀ ਨੂੰ ਸੁਨਿਸ਼ਚਿਤ ਕਰਨ ਲਈ ਸਬੰਧਤ ਅਧਿਕਾਰੀਆਂ ਨਾਲ ਤਾਲਮੇਲ ਕਰ ਰਹੇ ਹਾਂ,” ਇਹ ਕਹਿਣਾ ਸੀ ਇੱਕ ਭਾਰਤੀ ਅਧਿਕਾਰੀ ਦਾ।