ਨਵੀਂ ਦਿੱਲੀ: ਪਾਕਿਸਤਾਨ ਸਮਰਥਨ ਵਾਲੇ ਅੱਤਵਾਦੀ ਸਮੂਹ 22 ਦਸੰਬਰ ਨੂੰ ਰਾਮਲੀਲਾ ਮੈਦਾਨ ਵਿੱਚ ਹੋਣ ਵਾਲੀ ਇੱਕ ਰੈਲੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨਾ ਬਣਾ ਸਕਦੇ ਹਨ। ਇਸ ਸੰਬੰਧੀ ਖ਼ੁਫ਼ੀਆ ਏਜੰਸੀਆਂ ਨੇ ਵਿਸ਼ੇਸ਼ ਸੁਰੱਖਿਆ ਸਮੂਹ ਅਤੇ ਦਿੱਲੀ ਪੁਲਿਸ ਨੂੰ ਸੂਚਿਤ ਕੀਤਾ ਹੈ।
ਪ੍ਰਧਾਨ ਮੰਤਰੀ ਮੋਦੀ ਐਤਵਾਰ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਵਿਚ ਕੇਂਦਰ ਸਰਕਾਰ ਵੱਲੋਂ ਅਣਅਧਿਕਾਰਤ ਕਲੋਨੀਆਂ ਨੂੰ ਨਿਯਮਤ ਕਰਨ ਦੇ ਮੁੱਦੇ 'ਤੇ ਭਾਰਤੀ ਜਨਤਾ ਪਾਰਟੀ (ਬੀਜੇਪੀ) ਵੱਲੋਂ ਆਯੋਜਿਤ ਇਕ ਮੈਗਾ ਰੈਲੀ ਨੂੰ ਸੰਬੋਧਨ ਕਰਨਗੇ। ਕੇਂਦਰੀ ਏਜੰਸੀਆਂ ਨੇ ਸੁਰੱਖਿਆ ਸਖ਼ਤ ਕਰ ਦਿੱਤੀ ਹੈ ਤੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਲਈ ਬਲੂ ਬੁੱਕ ਵਿਚ ਦਰਜ ਨਿਰਦੇਸ਼ਾਂ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਲਈ ਸੁਰੱਖਿਆ ਅਦਾਰਿਆਂ ਨੂੰ ਨਿਰਦੇਸ਼ ਦਿੱਤੇ ਹਨ।
ਏਜੰਸੀਆਂ ਨੇ ਕਿਹਾ ਕਿ ਉਨ੍ਹਾਂ ਕੋਲ ਤਾਜ਼ਾ ਜਾਣਕਾਰੀ ਹੈ ਕਿ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਰਾਮਲੀਲਾ ਮੈਦਾਨ ਵਿਚ ਪ੍ਰਧਾਨ ਮੰਤਰੀ ਨੂੰ ਨਿਸ਼ਾਨਾ ਬਣਾਉਣ ਲਈ ਆਪਣੇ ਕਾਰਕੁੰਨਾਂ ਨੂੰ ਲਾਮਬੰਦ ਕੀਤਾ ਹੈ, ਜਿਥੇ ਵੱਡੀ ਗਿਣਤੀ ਵਿਚ ਮੀਡੀਆ ਕਰਮੀਆਂ ਦੇ ਮੌਜੂਦ ਹੋਣ ਦੀ ਉਮੀਦ ਹੈ।
ਸਪੈਸ਼ਲ ਪ੍ਰੋਟੈਕਸ਼ਨ ਗਰੁੱਪ (ਐਸਪੀਜੀ) ਤੇ ਦਿੱਲੀ ਪੁਲਿਸ ਰਾਮਲੀਲਾ ਮੈਦਾਨ ਵਿਚ ਸੁਰੱਖਿਆ ਦੀ ਜ਼ਿੰਮੇਵਾਰੀ ਸੰਭਾਲੇਗੀ। ਨੈਸ਼ਨਲ ਡੈਮੋਕਰੇਟਿਕ ਗੱਠਜੋੜ (ਐਨਡੀਏ) ਦੇ ਮੁੱਖ ਮੰਤਰੀ ਤੇ ਕੈਬਿਨੇਟ ਮੰਤਰੀ ਵੀ ਨਿਰਧਾਰਤ ਰੈਲੀ ਵਿੱਚ ਮੋਦੀ ਦੇ ਨਾਲ ਮੌਜੂਦ ਹੋਣਗੇ।
ਏਜੰਸੀਆਂ ਨੇ ਇਹ ਵੀ ਕਿਹਾ ਹੈ, "ਬਲੂ ਬੁੱਕ ਦੇ ਚੈਪਟਰ 10 ਵਿਚ ਦਰਜ ਦਿਸ਼ਾ-ਨਿਰਦੇਸ਼ 'ਲੋਕਤੰਤਰੀ ਰਾਜਨੀਤੀ ਵਿਚ ਸੁੱਰਖਿਆ' ਸਿਰਲੇਖ ਦੀ ਪਾਲਣਾ ਕਰ ਸਕਦੇ ਹਨ, ਤਾਂ ਕਿ ਸਖ਼ਤ ਅਤੇ ਅਣਵਿਵਹਾਰਿਕ ਸੁਝਾਅ ਤੋਂ ਬਚਿਆ ਜਾ ਸਕੇ।"
ਏਜੰਸੀਆਂ ਨੇ ਪਿਛਲੇ ਦਿਨਾਂ ਵਿੱਚ ਭਾਰਤ ਵੱਲੋਂ ਲਏ ਗਏ ਵੱਡੇ ਫ਼ੈਸਲੇ 'ਤੇ ਧਿਆਨ ਕੇਂਦਰਿਤ ਕੀਤਾ ਹੈ ਜਿਨ੍ਹਾਂ ਵਿੱਚ ਨਾਗਰਿਕਤਾ ਸੋਧ ਐਕਟ (12 ਦਸੰਬਰ), ਰਾਮ ਜਨਮ ਭੂਮੀ ਦਾ ਫੈਸਲਾ (9 ਨਵੰਬਰ), ਧਾਰਾ 370 (5 ਅਗਸਤ) ਨੂੰ ਰੱਦ ਕਰਨ ਸਮੇਤ ਕਈ ਵੱਡੇ ਫੈਸਲੇ ਸ਼ਾਮਲ ਹਨ। ਇਸ ਤੋਂ ਇਲਾਵਾ, ਏਜੰਸੀਆਂ ਨੇ ਭਾਰਤੀ ਹਵਾਈ ਸੈਨਾ ਵੱਲੋਂ ਪਾਕਿਸਤਾਨ ਵਿਚ ਹਵਾਈ ਹਮਲੇ ਦੀ ਉਦਾਹਰਣ ਦਾ ਹਵਾਲਾ ਦਿੰਦੇ ਹੋਏ ਖਤਰੇ ਦੇ ਦ੍ਰਿਸ਼ ਵਿਚ ਨਵੇਂ ਪਹਿਲੂ ਜੋੜ ਦਿੱਤੇ ਹਨ।
ਏਜੰਸੀਆਂ ਨੇ ਕਿਹਾ, "ਅਜਿਹੀ ਸਥਿਤੀ ਵਿੱਚ ਪਾਕਿਸਤਾਨੀ ਅੱਤਵਾਦੀ ਸਮੂਹਾਂ ਵੱਲੋਂ ਕੀਤੀ ਗਈ ਬਦਲੇ ਦੀ ਕਾਰਵਾਈ ਨੂੰ ਨਕਾਰਿਆ ਨਹੀਂ ਜਾ ਸਕਦਾ।" ਏਜੰਸੀਆਂ ਨੇ ਕਿਹਾ ਕਿ ਪਾਕਿਸਤਾਨ ਦੀ ਇੰਟਰ ਸਰਵਿਸਿਜ਼ ਇੰਟੈਲੀਜੈਂਸ (ਆਈਐਸਆਈ) ਅੱਤਵਾਦੀ ਸਮੂਹਾਂ ਨੂੰ ਲਗਾਤਾਰ ਢਾਂਚਾਗਤ ਅਤੇ ਹੋਰ ਵਿੱਤੀ ਸਹਾਇਤਾ ਪ੍ਰਦਾਨ ਕਰ ਰਹੀ ਹੈ।
ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨ.ਆਈ.ਏ.) ਨੂੰ ਵੀ ਲਸ਼ਕਰ-ਏ-ਤੋਇਬਾ ਦਾ ਅਕਤੂਬਰ 2019 ਵਿਚ ਇਕ ਪੱਤਰ ਮਿਲਿਆ ਸੀ, ਜਿਸ ਵਿਚ ਜੰਮੂ-ਕਸ਼ਮੀਰ ਵਿਚ ਭਾਰਤੀ ਹਥਿਆਰਬੰਦ ਸੈਨਾਵਾਂ ਵੱਲੋਂ ਕਥਿਤ ਵਧੀਕੀਆਂ ਦਾ ਬਦਲਾ ਲੈਣ ਲਈ ਪ੍ਰਧਾਨ ਮੰਤਰੀ ਸਮੇਤ ਦੇਸ਼ ਦੇ ਪਤਵੰਤਿਆਂ ਨੂੰ ਨਿਸ਼ਾਨਾ ਬਣਾਉਣ ਦੀ ਧਮਕੀ ਦਿੱਤੀ ਗਈ ਸੀ।
ਇਸੇ ਤਰ੍ਹਾਂ ਸਤੰਬਰ 2019 ਵਿਚ ਜੈਸ਼-ਏ-ਮੁਹੰਮਦ ਦੇ ਸ਼ਮਸ਼ੇ ਵਾਨੀ ਵੱਲੋਂ ਲਿਖੇ ਇਕ ਹੋਰ ਧਮਕੀ ਭਰੇ ਪੱਤਰ ਵਿਚ ਦਾਅਵਾ ਕੀਤਾ ਗਿਆ ਸੀ ਕਿ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਨੇ ਜੰਮੂ-ਕਸ਼ਮੀਰ ਵਿਚ ਧਾਰਾ 370 ਰੱਦ ਕਰਨ ਦਾ ਬਦਲਾ ਲਿਆ ਜਾਵੇਗਾ।
ਸਿਰਫ਼ ਇਹ ਹੀ ਨਹੀਂ, ਜੁਲਾਈ 2019, ਮਈ 2019, ਮਾਰਚ 2019 ਅਤੇ ਫਰਵਰੀ 2019 ਵਿਚ ਵੱਖ-ਵੱਖ ਅੱਤਵਾਦੀ ਸਮੂਹਾਂ ਨੇ ਭਾਰਤ ਦੇ ਚੋਟੀ ਦੇ ਨੇਤਾਵਾਂ ਸਮੇਤ ਕਈ ਥਾਵਾਂ 'ਤੇ ਅੱਤਵਾਦੀ ਹਮਲੇ ਦੀ ਚਿਤਾਵਨੀ ਦਿੱਤੀ ਸੀ। ਏਜੰਸੀਆਂ ਨੇ ਸਹੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਭੀੜ ਨੂੰ ਕਾਬੂ ਕਰਨ ਲਈ ਸੁਰੱਖਿਆ ਅਦਾਰਿਆਂ ਨੂੰ ਵੀ ਅਲਰਟ ਕੀਤਾ ਹੈ।