ਨਵੀਂ ਦਿੱਲੀ: ਕਰਤਾਰਪੁਰ ਕੌਰੀਡੋਰ 'ਤੇ ਭਾਰਤ ਦੇ ਦਬਾਅ ਦੇ ਚੱਲਦਿਆਂ ਪਾਕਿਸਤਾਨ ਸਰਕਾਰ ਨੇ ਗਰਮ ਖਿਆਲੀ ਗੋਪਾਲ ਚਾਵਲਾ ਨੂੰ ਪ੍ਰਬੰਧਕੀ ਕਮੇਟੀ ਤੋਂ ਹਟਾ ਦਿੱਤਾ ਹੈ। ਪਾਕਿਸਤਾਨ ਸਰਕਾਰ ਦਾ ਇਹ ਫ਼ੈਸਲਾ 14 ਜੁਲਾਈ ਨੂੰ ਕਰਤਾਰਪੁਰ ਲਾਂਘੇ ਨੂੰ ਲੈ ਕੇ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਲਿਆ ਗਿਆ ਹੈ। ਇਸ ਦੇ ਨਾਲ ਹੀ ਪਾਕਿਸਤਾਨ ਸਰਕਾਰ ਵੱਲੋਂ ਨਵੀਂ ਕਮੇਟੀ ਦਾ ਐਲਾਨ ਵੀ ਕੀਤਾ ਗਿਆ ਹੈ।
ਕਰਤਾਰਪੁਰ ਕੌਰੀਡੋਰ 'ਤੇ ਝੁਕਿਆ ਪਾਕਿਸਤਾਨ, ਲਿਆ ਵੱਡਾ ਫ਼ੈਸਲਾ - kartarpur corridor
ਕਰਤਾਰਪੁਰ ਲਾਂਘੇ ਨੂੰ ਲੈ ਕੇ ਹੋਣ ਵਾਲੀ ਮੀਟਿੰਗ ਤੋਂ ਇੱਕ ਦਿਨ ਪਹਿਲਾਂ ਪਾਕਿਸਤਾਨ ਸਰਕਾਰ ਨੇ ਖਾਲੀਸਤਾਨੀ ਸਮਰਥਕ ਗੋਪਾਲ ਚਾਵਲਾ ਨੂੰ ਪ੍ਰਬੰਧਕੀ ਕਮੇਟੀ ਤੋਂ ਹਟਾ ਦਿੱਤਾ ਹੈ। ਭਾਰਤ ਪਹਿਲਾਂ ਵੀ ਗੋਪਾਲ ਚਾਵਲਾ ਦੇ ਕਰਤਾਰਪੁਰ ਕੌਰੀਡੋਰ ਕਮੇਟੀ 'ਚ ਹੋਣ ਨੂੰ ਲੈ ਕੇ ਇਤਰਾਜ਼ ਜਤਾ ਚੁੱਕਾ ਹੈ।
ਨਵੀਂ ਕਮੇਟੀ ਦਾ ਕੀਤਾ ਗਿਆ ਗਠਨ
ਪਾਕਿਸਤਾਨ ਸਰਕਾਰ ਵੱਲੋਂ ਗੋਪਾਲ ਚਾਵਲਾ ਨੂੰ ਪ੍ਰਬੰਧਕੀ ਕਮੇਟੀ ਤੋਂ ਹਟਾਉਣ ਤੋਂ ਬਾਅਦ ਗੁਰਧਾਮਾਂ ਦੀ ਸਾਂਭ-ਸੰਭਾਲ ਲਈ ਨਵੀਂ ਪ੍ਰਬੰਧਕੀ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ। ਇਸ ਕਮੇਟੀ ਵਿੱਚ ਬਹੁਗਿਣਤੀ ਨਵੇਂ ਮੈਂਬਰ ਸ਼ਾਮਿਲ ਕੀਤੇ ਗਏ ਹਨ।
ਭਾਰਤ ਨੇ ਗੋਪਾਲ ਚਾਵਲਾ ਦੀ ਪ੍ਰਬੰਧਕੀ ਕਮੇਟੀ 'ਚ ਭੂਮਿਕਾ 'ਤੇ ਸਪਸ਼ਟੀਕਰਨ ਮੰਗਦੇ ਹੋਏ ਉਸ ਦੇ ਭਾਰਤ ਵਿਰੋਧੀ ਕੰਮਾਂ 'ਤੇ ਪਾਕਿਸਤਾਨ ਨੂੰ ਕੋਈ ਠੋਸ ਕਦਮ ਚੁੱਕਣ ਦੀ ਅਪੀਲ ਕੀਤੀ ਸੀ। ਜ਼ਿਕਰਯੋਗ ਹੈ ਕਿ ਮਾਰਚ 'ਚ ਭਾਰਤ ਨੇ ਪਾਕਿਸਤਾਨ ਦੇ ਡਿਪਟੀ ਹਾਈ ਕਮਿਸ਼ਨਰ ਸੈਯੱਦ ਹੈਦਰ ਸ਼ਾਹ ਨੂੰ ਤਲਬ ਕੀਤਾ ਸੀ।
ਦੱਸਣਯੋਗ ਹੈ ਕਿ 14 ਜੁਲਾਈ ਨੂੰ ਵਾਘਾ ਬਾਰਡਰ 'ਤੇ ਕਰਤਾਰਪੁਰ ਕੌਰੀਡੋਰ ਦੀ ਰੂਪ ਰੇਖਾ ਨੂੰ ਅੰਤਿਮ ਰੂਪ ਦੇਣ ਲਈ ਭਾਰਤ ਅਤੇ ਪਾਕਿਸਤਾਨ ਵੱਲੋਂ ਮੀਟਿੰਗ ਕੀਤੀ ਜਾਵੇਗੀ। ਇਸ ਦੌਰਾਨ ਲਾਂਘੇ ਦੇ ਵਿਕਾਸ ਕੰਮਾਂ ਦੀ ਚਰਚਾ ਕਰਦਿਆਂ ਭਾਰਤੀ ਵੱਲੋਂ ਕਰਤਾਰਪੁਰ ਕੌਰੀਡੋਰ ਦੇ ਪੈਨਲ ਵਿੱਚ 26/11 ਦੇ ਮਾਸਟਰ ਮਾਈਂਡ ਹਾਫਿਜ਼ ਸਈਦ ਦੇ ਸਹਿਯੋਗੀ ਗੋਪਾਲ ਸਿੰਘ ਚਾਵਲਾ ਦੀ ਨਿਯੁਕਤੀ 'ਤੇ ਵੀ ਚਰਚਾ ਕਰਨ ਦੀ ਸੰਭਾਵਨਾ ਹੈ।