ਪਾਕਿ ਸਰਕਾਰ ਨੇ ਭਾਰਤੀ ਰਾਜਦੂਤ ਨੂੰ ਵਾਪਸ ਭਾਰਤ ਭੇਜਿਆ - ਅਜੈ ਬਿਸਾਰੀਆ
ਭਾਰਤ ਸਰਕਾਰ ਦੇ ਜੰਮੂ-ਕਸ਼ਮੀਰ ਵਿੱਚ ਧਾਰਾ-370 ਹਟਾਉਣ ਦੇ ਫੈਸਲੇ ਤੋਂ ਬਾਅਦ ਪਾਕਿਸਤਾਨ ਦੀ ਘਬਰਾਹਟ ਸਾਫ਼ ਜ਼ਾਹਿਰ ਹੋ ਰਹੀ ਹੈ। ਪਾਕਿਸਤਾਨ ਨੇ ਏਅਰਸਪੇਸ ਤਾਂ ਬੰਦ ਕੀਤਾ ਹੀ, ਇਸਦੇ ਨਾਲ ਹੀ ਪਾਕਿਸਤਾਨ ਨੇ ਭਾਰਤੀ ਰਾਜਦੂਤ ਅਜੈ ਬਿਸਾਰੀਆ ਨੂੰ ਕਾਰਜਮੁਕਤ ਕਰ ਭਾਰਤ ਭੇਜ ਦਿੱਤਾ ਹੈ।
ਨਵੀਂ ਦਿੱਲੀ: ਕੇਂਦਰ ਸਰਕਾਰ ਦੁਆਰਾ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕੀਤੇ ਜਾਣ ਤੋਂ ਬਾਅਦ ਪਾਕਿਸਤਾਨ ਨੇ ਭਾਰਤੀ ਦੂਤ ਅਜੈ ਬਿਸਾਰਿਆ ਨੂੰ ਪਾਕਿਸਤਾਨ ਤੋਂ ਵਾਪਸ ਭਾਰਤ ਭੇਜ ਦਿੱਤਾ ਹੈ ਅਤੇ ਭਾਰਤ ਨਾਲ ਵਪਾਰ ਖ਼ਤਮ ਕਰ ਦਿੱਤਾ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਉੱਚ ਪੱਧਰੀ ਬੈਠਕ ਵਿੱਚ ਇਹ ਫ਼ੈਸਲਾ ਲਿਆ ਹੈ। ਪਾਕਿਸਤਾਨ ਨੇ ਭਾਰਤ ਵਿੱਚ ਪਾਕਿਸਤਾਨੀ ਰਾਜਦੂਤ ਮੋਇਨ-ਉਲ- ਹੱਕ ਨੂੰ ਵੀ ਵਾਪਸ ਪਾਕਿਸਤਾਨ ਸੱਦ ਲਿਆ ਹੈ।
ਦੱਸ ਦਈਏ ਕਿ ਕੇਂਦਰ ਸਰਕਾਰ ਨੇ 6 ਅਗਸਤ ਨੂੰ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਨੂੰ ਖ਼ਤਮ ਕਰ ਦਿੱਤਾ। ਭਾਰਤ ਦੇ ਇਸ ਫ਼ੈਸਲੇ ਦਾ ਪਾਕਿਸਤਾਨ ਨੇ ਵਿਰੋਧ ਕੀਤਾ ਹੈ।
ਪਾਕਿਸਤਾਨ ਨੇ ਭਾਰਤੀ ਦੂਤ ਨੂੰ ਪਹਿਲਾਂ ਵੀ ਪਰੇਸ਼ਾਨ ਕੀਤਾ ਸੀ। ਜੂਨ ਵਿੱਚ ਇਸਲਾਮਾਬਾਦ ਵਿੱਚ ਭਾਰਤੀ ਹਾਈ ਕਮੀਸ਼ਨ ਨੇ ਇਫ਼ਤਾਰੀ ਦਾ ਪ੍ਰਬੰਧ ਕੀਤਾ ਸੀ। ਉਸ ਦੌਰਾਨ ਪਾਕਿਸਤਾਨੀ ਸੁਰੱਖਿਆ ਅਧਿਕਾਰੀਆਂ ਨੇ ਮਹਿਮਾਨਾਂ ਨਾਲ ਬਦਸਲੂਕੀ ਕੀਤੀ ਸੀ। ਇਹੀ ਨਹੀਂ ਮਹਿਮਾਨਾਂ ਨੂੰ ਫੋਨ ਕਰਕੇ ਇਫ਼ਤਾਰ ਵਿੱਚ ਨਾ ਜਾਣ ਲਈ ਧਮਕਾਇਆ ਵੀ ਗਿਆ ਸੀ।
ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਦੇ ਜੰਮੂ-ਕਸ਼ਮੀਰ ਚੋਂ ਧਾਰਾ 370 ਹਟਾਉਣ ਦੇ ਫ਼ੈਸਲੇ ਤੋਂ ਬਾਅਦ ਪਾਕਿਸਤਾਨ ਵਿੱਚ ਭਾਰਤੀ ਰਾਜਦੂਤ ਨੇ ਅੰਬੈਸੀ ਦੇ ਨੇੜੇ ਸੁਰੱਖਿਆ ਕਰਮਚਾਰੀਆਂ ਦੀ ਨਿਯੁਕਤੀ ਦੀ ਮੰਗ ਕੀਤੀ ਸੀ। ਦੱਸ ਦਈਏ ਕਿ ਕਈ ਪ੍ਰਦਰਸ਼ਨਕਾਰੀਆਂ ਨੇ ਭਾਰਤੀ ਅੰਬੈਸੀ ਦੇ ਬਾਹਰ ਪ੍ਰਦਰਸ਼ਨ ਵੀ ਕੀਤਾ ਹੈ।