ਨਵੀਂ ਦਿੱਲੀ: ਆਈਐੱਨਐੱਕਸ ਮੀਡੀਆ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਕਾਂਗਰਸ ਆਗੂ ਪੀ ਚਿਦੰਬਰਮ ਦੀ ਜ਼ਮਾਨਤ ਪਟੀਸ਼ਨ 'ਤੇ ਅਗਲੀ ਸੁਣਵਾਈ 26 ਅਗਸਤ ਨੂੰ ਮੁਲਤਵੀ ਕਰ ਦਿੱਤੀ ਹੈ। ਇਸ ਮਾਮਲੇ ਵਿੱਚ ਕੋਰਟ ਨੇ ਇਨਫ਼ੋਰਸਮੈਂਟ ਡਾਇਰੈਕਟੋਰੇਟ ਵੱਲੋਂ ਪੀ ਚਿਦੰਬਰਮ ਦੀ ਗ੍ਰਿਫ਼ਤਾਰੀ 'ਤੇ 3 ਸਿਤੰਬਰ ਤੱਕ ਰੋਕ ਲੱਗਾ ਦਿੱਤੀ ਹੈ। ਇਸ ਦੇ ਨਾਲ ਹੀ ਪੀ ਚਿਦੰਬਰਮ ਨੂੰ 4 ਦਿਨਾਂ ਲਈ ਸੀਬੀਆਈ ਹਿਰਾਸਤ ਵਿੱਚ ਭੇਜ ਦਿੱਤਾ ਹੈ।
INX ਮੀਡੀਆ ਕੇਸ: ਸੁਪਰੀਮ ਕੋਰਟ ਨੇ ਪੀ ਚਿਦੰਬਰਮ ਨੂੰ ਦਿੱਤੀ ਰਾਹਤ
INX ਮੀਡੀਆ ਮਾਮਲੇ 'ਚ ਪੀ ਚਿਦੰਬਰਮ ਨੂੰ ਸੁਪਰੀਮ ਕੋਰਟ ਨੇ ਇਨਫ਼ੋਰਸਮੈਂਟ ਡਾਇਰੈਕਟੋਰੇਟ ਵੱਲੋਂ ਗ੍ਰਿਫ਼ਤਾਰੀ ਤੋਂ ਛੋਟ ਦੇ ਦਿੱਤੀ ਹੈ। ਹੁਣ ਇਸ ਮਾਮਲੇ ਦੀ ਸੁਣਵਾਈ ਸੋਮਵਾਰ 26 ਅਗਸਤ ਨੂੰ ਹੋਵੇਗੀ।
ਅਦਾਲਤ ਦਾ ਕਹਿਣਾ ਹੈ ਕਿ ਇਸ ਕੇਸ ’ਚ ਪੁੱਛ-ਪੜਤਾਲ ਲਈ ਹਿਰਾਸਤੀ ਰਿਮਾਂਡ ਤਰਕਸੰਗਤ ਹੈ। ਚਿਦੰਬਰਮ ਦੇ ਵਕੀਲ ਕਪਿਲ ਸਿੱਬਲ ਤੇ ਸਿੰਘਵੀ ਨੇ ਵਿਰੋਧ ਕਰਦਿਆਂ ਕਿਹਾ ਕਿ ਅਜਿਹਾ ਪਹਿਲਾਂ ਵੀ ਹਾਈ ਕੋਰਟ ਵਿੱਚ ਹੋ ਚੁੱਕਾ ਹੈ। ਸੁਪਰੀਮ ਕੋਰਟ ਨੇ ਉਹ ਦਸਤਾਵੇਜ਼ ਲੈਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਸਭ ਕੁਝ ਸੋਮਵਾਰ ਨੂੰ ਲਿਆ ਜਾਵੇਗਾ। ਸਿੱਬਲ ਨੇ ਕਿਹਾ ਕਿ ਦਿੱਲੀ ਹਾਈ ਕੋਰਟ ਵਿੱਚ ਜਦੋਂ ਬਹਿਸ ਖ਼ਤਮ ਹੋ ਗਈ ਸੀ, ਤਦ ਸਾਲਿਸਿਟਰ ਜਨਰਲ ਨੇ ਹਾਈ ਕੋਰਟ ਵਿੱਚ ਜਸਟਿਸ ਗੌੜ ਨੂੰ ਇੱਕ ਨੋਟ ਦਿੱਤਾ ਸੀ ਪਰ ਸਾਨੂੰ ਉਸ ਦਾ ਜਵਾਬ ਦੇਣ ਦਾ ਮੌਕਾ ਨਹੀਂ ਮਿਲਿਆ। ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਸੀਬੀਆਈ ਦੀ ਟੀਮ ਨੇ ਚਿਦੰਬਰਮ ਦੇ ਘਰ ਜਾ ਕੇ ਉਨ੍ਹਾਂ ਨੂੰ ਹਿਰਾਸਤ ਵਿੱਚ ਲਿਆ ਸੀ।
ਸੀਬੀਆਈ ਨੂੰ ਮਿਲੀ ਚਿਦੰਬਰਮ ਦੀ ਹਿਰਾਸਤ ਦੀ ਮਿਆਦ ਵੀ 26 ਅਗਸਤ ਨੂੰ ਖ਼ਤਮ ਹੋ ਰਹੀ ਹੈ। ਸੁਪਰੀਮ ਕੋਰਟ 'ਚ ਸੀਬੀਆਈ ਤੇ ਈਡੀ ਨਾਲ ਜੁੜੇ ਮਾਮਲੇ ਦੀ ਸੁਣਵਾਈ ਸੋਮਵਾਰ ਨੂੰ ਹੋਣੀ ਤੈਅ ਹੈ।