ਨਵੀਂ ਦਿੱਲੀ: ਪੀਐਮ ਕੇਅਰਜ਼ ਫੰਡ ਵਿੱਚ 5 ਦਿਨਾਂ 'ਚ 3,076 ਕਰੋੜ ਦੀ ਰਾਸ਼ੀ ਆਈ। ਸਰਕਾਰ ਵੱਲੋਂ ਜਾਰੀ ਕੀਤੀ ਗਈ ਇੱਕ ਆਡਿਟ ਰਿਪੋਰਟ ਵਿੱਚ ਇਹ ਜਾਣਕਾਰੀ ਸਾਹਮਣੇ ਆਈ ਹੈ। ਵਿੱਤੀ ਸਾਲ 2020 ਦੇ ਸਟੇਟਮੈਂਟ ਮੁਤਾਬਕ ਇਹ ਰਿਕਾਰਡ ਡੋਨੇਸ਼ਨ 27 ਤੋਂ 31 ਮਾਰਚ ਦੇ ਵਿਚਕਾਰ ਹੋਇਆ ਹੈ, ਇਸ ਮਿਆਦ ਵਿੱਚ ਫੰਡ ਦਾ ਗਠਨ ਕੀਤਾ ਜਾ ਰਿਹਾ ਸੀ।
3,076 ਕਰੋੜ ਰੁਪਏ ਵਿੱਚੋਂ 3,075.85 ਕਰੋੜ ਰੁਪਏ ਘਰੇਲੂ ਦਾਨ ਅਤੇ ਸਵੈਇੱਛੁਕ ਹੈ, ਜਦੋਂਕਿ 39.67 ਲੱਖ ਰੁਪਏ ਦਾ ਯੋਗਦਾਨ ਵਿਦੇਸ਼ ਤੋਂ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਕੇਅਰਜ਼ ਫੰਡ ਦੀ ਸਟੇਟਮੈਂਟ ਵਿੱਚ ਕਿਹਾ ਗਿਆ ਹੈ ਕਿ ਇਹ ਫੰਡ 2.25 ਲੱਖ ਰੁਪਏ ਤੋਂ ਸ਼ੁਰੂ ਕੀਤਾ ਗਿਆ ਸੀ ਅਤੇ ਇਸ ਫੰਡ ਨੂੰ ਵਿਆਜ ਦੇ ਬਦਲੇ ਵਿੱਚ ਤਕਰੀਬਨ 35 ਲੱਖ ਰੁਪਏ ਵੀ ਮਿਲੇ ਹਨ।
ਆਡਿਟ ਸਟੇਟਮੈਂਟ ਨੂੰ ਪੀਐਮ ਕੇਅਰਜ਼ ਫੰਡ ਦੀ ਵੈਬਸਾਈਟ 'ਤੇ ਸਾਂਝਾ ਕੀਤਾ ਗਿਆ ਹੈ ਪਰ ਇਸ ਸਟੇਟਮੈਂਟ ਵਿੱਚ ਨੋਟ 1 ਤੋਂ 6 ਤੱਕ ਦੀ ਜਾਣਕਾਰੀ ਜਨਤਕ ਨਹੀਂ ਕੀਤੀ ਗਈ ਹੈ। ਸਾਬਕਾ ਵਿੱਚ ਮੰਤਰੀ ਪੀ ਚਿੰਦਬਮ ਨੇ ਟਵੀਟ ਕਰ ਇਸ 'ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜਦੋਂ ਬਾਕੀ ਐਨਜੀਓਜ਼ ਜਾਂ ਟਰੱਸਟ ਜਿਨ੍ਹਾਂ ਨੂੰ ਇੱਕ ਨਿਸ਼ਚਤ ਰਕਮ ਤੋਂ ਵੱਧ ਦਾਨ ਕਰਨ ਵਾਲਿਆਂ ਦੇ ਨਾਵਾਂ ਦਾ ਖੁਲਾਸਾ ਕਰਨਾ ਪੈਂਦਾ ਹੈ ਤਾਂ ਪੀਐਮ ਕੇਅਰਜ਼ ਫੰਡ ਨੂੰ ਇਸ ਤੋਂ ਛੋਟ ਕਿਉਂ ਦਿੱਤੀ ਗਈ ਹੈ। ਉਨ੍ਹਾਂ ਪੁੱਛਿਆ ਕਿ ਦਾਨ ਪਾਉਣ ਵਾਲਾ ਜਾਣਦਾ ਹੈ, ਦਾਨ ਪਾਉਣ ਵਾਲਿਆਂ ਦੇ ਟਰੱਸਟੀ ਜਾਣਦੇ ਹਨ ਤਾਂ ਟਰੱਸਟੀ ਦਾਨ ਕਰਨ ਵਾਲਿਆਂ ਦੇ ਨਾਂਅ ਉਜਾਗਰ ਕਰਨ ਤੋਂ ਕਿਉਂ ਡਰ ਰਹੇ ਹਨ।
ਦੱਸਣਯੋਗ ਹੈ ਕਿ ਕੋਰੋਨਾ ਸੰਕਟ ਨਾਲ ਨਜਿੱਠਣ ਲਈ ਸਰਕਾਰ ਨੇ ਪ੍ਰਾਈਮ ਮਿਨੀਸਟਰ ਸਿਟੀਜ਼ਨ ਅਸਿਸਟੈਂਸ ਐਂਡ ਰਿਲੀਫ਼ ਇਨ ਐਮਰਜੈਂਸੀ ਫ਼ੰਡ ਦੀ ਸ਼ੁਰੂਆਤ ਕੀਤੀ ਸੀ। ਜਿੱਥੇ ਦਾਨ ਕਰਨ ਵਾਲਾ ਕਿੰਨੀ ਵੀ ਰਾਸ਼ੀ ਇਸ ਮਹਾਂਮਾਰੀ ਨਾਲ ਲੜਨ ਲਈ ਸਰਕਾਰ ਨੂੰ ਦਾਨ ਕਰ ਸਕਦੇ ਹਨ।