ਨਵੀਂ ਦਿੱਲੀ: ਰਾਜ ਸਭਾ ਵਿੱਚ ਪਾਸ ਹੋਏ ਖੇਤੀਬਾੜੀ ਬਿੱਲ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਸਭਾ ਮੈਂਬਰ ਨਰੇਸ਼ ਗੁਜਰਾਲ ਨੇ ਮੰਦਭਾਗਾ ਕਰਾਰ ਦਿੱਤਾ। ਗੁਜਰਾਲ ਦਾ ਕਹਿਣਾ ਹੈ ਕਿ ਸੰਸਦ ਵਿੱਚ ਜੋ ਹੋਇਆ ਉਹ ਲੋਕਤੰਤਰ ਲਈ ਬਹੁਤ ਘਾਤਕ ਹੈ। ਅਕਾਲੀ ਦਲ ਨੇ ਇਨ੍ਹਾਂ ਬਿੱਲਾਂ ਦਾ ਵਿਰੋਧ ਕੀਤਾ ਹੈ ਅਤੇ ਅੱਗੇ ਵੀ ਕਿਸਾਨਾਂ ਨਾਲ ਖੜ੍ਹਾ ਰਹੇਗਾ।
ਰਾਜ ਸਭਾ ਵਿੱਚ ਬੋਲਦਿਆਂ ਨਰੇਸ਼ ਗੁਜਰਾਲ ਨੇ ਕਿਹਾ ਸੀ ਕਿ ਹਰਸਿਮਰਤ ਕੌਰ ਬਾਦਲ ਵੱਲੋਂ ਕੇਂਦਰੀ ਮੰਤਰੀ ਮੰਡਲ ਵਿਚੋਂ ਅਸਤੀਫਾ ਦਿੱਤੇ ਜਾਣ ਬਾਅਦ ਅਕਾਲੀ ਦਲ ਨੂੰ ਬਹਿਸ ਲਈ ਸਿਰਫ਼ ਦੋ ਮਿੰਟ ਹੀ ਦਿੱਤੇ ਗਏ ਸਨ। ਰੌਲੇ ਰੱਪੇ ਵਿੱਚ ਕੇਵਲ ਧੁਨੀ ਵੋਟ 'ਤੇ ਹੀ ਬਿੱਲ ਨੂੰ ਪਾਸ ਕਰ ਦਿੱਤਾ ਗਿਆ। ਸੰਸਦ ਵਿੱਚ ਜੋ ਕੁਝ ਵੀ ਹੋਇਆ ਉਹ ਵਿਰੋਧੀ ਧਿਰ ਦੀ ਆਵਾਜ਼ ਦੱਬਣ ਦੀ ਇੱਕ ਕੋਸ਼ਿਸ਼ ਹੈ।
ਇਸ ਬਿੱਲ ਨੂੰ ਪਾਸ ਕਰਕੇ ਕਿਸਾਨਾਂ ਵਿੱਚ ਇੱਕ ਸੁਨੇਹਾ ਸਰਕਾਰ ਵੱਲੋਂ ਦਿੱਤਾ ਗਿਆ ਹੈ ਕਿ ਉਹ ਕਿਸਾਨਾਂ ਦੀ ਵਿਰੋਧੀ ਹੈ ਜੇ ਇਹ ਬਿੱਲ ਕਿਸਾਨਾਂ ਦੇ ਭਲੇ ਲਈ ਹੈ ਤਾਂ ਕਿਸਾਨਾਂ ਦੀ ਆਵਾਜ਼ ਨੂੰ ਸੁਣਨਾ ਚਾਹੀਦਾ ਹੈ। ਅਕਾਲੀ ਦਲ ਵੱਲੋਂ ਮੰਗ ਰੱਖੀ ਗਈ ਸੀ ਕਿ ਇੱਕ ਸਿਲੈਕਟ ਕਮੇਟੀ ਬਣਾਈ ਜਾਵੇ ਜੋ ਕਿਸਾਨਾਂ ਦੇ ਮੁੱਦਿਆਂ ਨੂੰ ਸੁਣੇ ਅਤੇ ਉਸ ਮੁਤਾਬਕ ਬਿੱਲ ਵਿੱਚ ਜੋ ਬਦਲਾਅ ਕਰਨਾ ਚਾਹੁੰਦੇ ਹਨ ਕਰ ਦਿੱਤੇ ਜਾਣ। ਜੇ ਕਿਸਾਨਾਂ ਲਈ ਆਏ ਬਿੱਲ ਵਿੱਚ ਕਿਸਾਨ ਹੀ ਸੰਤੁਸ਼ਟ ਨਹੀਂ ਤਾਂ ਇਨ੍ਹਾਂ ਦਾ ਕੋਈ ਫਾਇਦਾ ਨਹੀਂ ਹੋਵੇਗਾ।