ਯੂਰੋਪੀਅਨ ਯੂਨੀਅਨ – ਜੋ ਕਿ ਯੂਰੋਪੀਅਨ ਦੇਸ਼ਾਂ ਦਾ ਇੱਕ 27 ਮੈਂਬਰੀ ਰਾਜਨੀਤਿਕ ਅਤੇ ਆਰਥਿਕ ਗੁੱਟ ਹੈ, ਇਸ ਨੋਵਲ ਕੋਰੋਨਾ ਵਾਇਰਸ ਦੀ ਮਹਾਂਮਾਰੀ ਕਾਰਨ ਪੈਦਾ ਹੋਏ ਆਰਥਿਕ ਸੰਕਟ ਨਾਲ ਨਜਿੱਠਣ ਲਈ ਵਿੱਤੀ ਸਹਾਇਤਾ ਦਾ ਪ੍ਰਸਤਾਵ ਪੇਸ਼ ਕਰਨ ਦੀ ਤਿਆਰੀ ਵਿੱਚ ਜੁੱਟਿਆ ਹੋਇਆ ਹੈ।
ਇਟਲੀ, ਜਿਸ ਨੇ ਹੁਣ ਇਸ ਮਹਾਂਮਾਰੀ ਦੇ ਮਾਮਲੇ ਵਿੱਚ ਚੀਨ ਨੂੰ ਪਛਾੜ ਦਿੱਤਾ ਹੈ ਅਤੇ ਜਿੱਥੇ ਕੋਵਿਡ-19 ਦੇ ਕਾਰਨ ਸਭ ਤੋਂ ਵੱਧ ਮੌਤਾਂ ਹੋਈਆਂ ਹਨ, ਉਸ ਨੇ ਵੀ ਯੂਰਪੀ ਸੰਘ ਨੂੰ ਇਸ ਮਹਾਂਮਾਰੀ ਦੇ ਮੱਦੇਨਜ਼ਰ ਇਸ ਆਰਥਿਕ ਮਹਾਂ-ਮੰਦੀ ਨਾਲ ਨਿਪਟਣ ਵਿੱਚ ਸਹਾਇਤਾ ਅਤੇ ਬਚਾਅ ਕਰਨ ਲਈ ਸੰਘ ਦੇ ਰਾਹਤ ਫੰਡ ਦੀ ਵਰਤੋਂ ਕੀਤੇ ਜਾਣ ਲਈ ਕਿਹਾ ਹੈ।
ਨਵੀਂ ਦਿੱਲੀ ਵਿੱਚ ਯੂਰੋਪੀਅਨ ਰਾਜਦੂਤ ਉੱਗੋ ਅਸਟੂਟੋ (Ugo Astuto) ਦਾ ਮੰਨਣਾ ਹੈ ਕਿ ਵਿਗਿਆਨਕ ਪ੍ਰਮਾਣਾਂ ਦੇ ਅਧਾਰ ‘ਤੇ ਲੋੜੀਂਦੇ ਸਖਤ ਕਦਮਾਂ ਦੇ ਚੁੱਕਣ ਅਤੇ ਉਪਾਵਾਂ ਦੇ ਨਾਲ ਨਾਲ ਤਾਲਾਬੰਦੀ ਕੀਤੇ ਜਾਣਾ ਸਮੇਂ ਦੀ ਜ਼ਰੂਰਤ ਹੈ। ਸੀਨੀਅਰ ਪੱਤਰਕਾਰ ਸਮਿਤਾ ਸ਼ਰਮਾ ਨਾਲ ਇੱਕ ਵਿਸ਼ੇਸ਼ ਗੱਲਬਾਤ ਦੋਰਾਨ ਸੰਘ ਦੇ ਰਾਜਦੂਤ ਨੇ ਕਿਹਾ ਕਿ ਕੋਵਿਡ-19 ਦੇ ਇਲਾਜ਼ ਲਈ ਤੁਰੰਤ ਇੱਕ ਟੀਕੇ ਦਾ ਖੋਜਿਆ ਜਾਣਾ ਅਤਿ ਮਹੱਤਵਪੂਰਨ ਹੈ, ਅਤੇ ਸਹੀ ਅੰਕੜੇ ਅਤੇ ਪਾਰਦਰਸ਼ਤਾ ਅੱਜ ਇਸ ਸਮੂਹਿਕ ਲੜਾਈ ਵਾਸਤੇ ਸਮੇਂ ਦੀ ਲੋੜ ਹੈ।
ਉਨ੍ਹਾਂ ਨੇ ਭਰੋਸਾ ਦਵਾਇਆ ਕਿ ਭਾਰਤ ਅਤੇ ਯੂਰੋਪੀਅਨ ਯੂਨੀਅਨ ਦੋਵੇਂ ਹੀ ਘਰਾਂ ਨੂੰ ਪਰਤਣ ਵਿੱਚ ਅਸਮਰੱਥ ਨਾਗਰਿਕਾਂ ਦੇ ਵੀਜ਼ੇ ਵਧਾਉਣ ਲਈ ਨਰਮਾਈ ਨਾਲ ਕੰਮ ਕਰ ਰਹੇ ਹਨ। ਮਹਾਂਮਾਰੀ ਕਾਰਨ ਕੁੱਝ ਵਿਅਕਤੀਆਂ ‘ਤੇ ਹੋਏ ਨਸਲਵਾਦੀ ਹਮਲਿਆਂ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਮਨੁੱਖੀ ਹਮਦਰਦੀ ਬਣਾਈ ਰੱਖਣੀ ਚਾਹੀਦੀ ਹੈ।
ਪ੍ਰਸ਼ਨ: ਇਸ ਸਮੇਂ ਈ.ਯੂ. ਕਿਸ ਦਰਜੇ ਦੇ ਜੋਖਮ ਦਾ ਸਾਹਮਣਾ ਕਰ ਰਿਹਾ ਹੈ?
ਇਹ ਮਹਾਂਮਾਰੀ ਸਮੁੱਚੇ ਸੰਸਾਰ ਵਿੱਚ ਹੀ ਫੈਲ ਰਹੀ ਹੈ। ਇਹ ਇੱਕ ਆਲਮੀਂ ਸੰਕਟ ਹੈ, ਜਿਸ ਲਈ ਅੰਤਰਰਾਸ਼ਟਰੀ ਪੱਧਰ 'ਤੇ ਇੱਕ ਵਿਸ਼ਵਵਿਆਪੀ ਪ੍ਰਤੀਕ੍ਰਿਆ ਦੀ ਲੋੜ ਹੈ। ਸਾਨੂੰ ਸਾਰਿਆਂ ਨੂੰ ਜਨਤਕ ਸਿਹਤ ਦੀ ਰਾਖੀ ਲਈ ਅਤੇ ਹੋਰ ਮੌਤਾਂ ਤੋਂ ਬਚਣ ਲਈ ਦ੍ਰਿੜਤਾ ਨਾਲ ਮਿਲ ਕੇ ਕੰਮ ਕਰਨ ਦੀ ਲੋੜ ਹੈ।
ਹੁਣ ਤੱਕ ਦੇ ਸਾਰੇ ਵਿਗਿਆਨਿਕ ਸਬੂਤਾਂ ਦੇ ਆਧਾਰ ‘ਤੇ ਯੂਰੋਪ ਵਿੱਚ ਅਸੀਂ ਬਹੁਤ ਹੀ ਸਖਤ ਕਦਮ ਚੁੱਕੇ ਹਨ, ਜਿਵੇਂ ਕਿ - ਸਰਹੱਦਾਂ ਦਾ ਬੰਦ ਕੀਤੇ ਜਾਣਾ, ਅਤੇ ਵਿਆਪਕ ਤਾਲਾਬੰਦੀ ਆਦਿ। ਅਸੀਂ ਸਮੂਹ ਮੈਂਬਰ ਦੇਸ਼ਾਂ ਨੇ ਮਿਲ ਕੇ ਕੋਵਿਡ ਵਿਰੁੱਧ ਅਤਿ ਜ਼ਰੂਰੀ ਉਪਾਅ ਅਪਣਾਉਣ ਲਈ ਆਪਸੀ ਤਾਲਮੇਲ ਸਥਾਪਿਤ ਕੀਤਾ ਹੈ, ਅਤੇ ਉਨ੍ਹਾਂ ’ਤੇ ਅਮਲ ਕੀਤਾ ਜਾ ਰਿਹਾ ਹੈ।
ਅਸੀਂ ਇਸ ਮਹਾਮਾਂਰੀ ਦੇ ਕਾਰਨ ਪੈਦਾ ਹੋਏ ਆਰਥਿਕ ਸੰਕਟ ਅਤੇ ਆਰਥਿਕਤਾ ਦੇ ਵਿੱਚ ਆਉਣ ਵਾਲੀ ਸੰਭਾਵਿਤ ਗਿਰਾਵਟ ਦੇ ਸੰਕਟ ਨੂੰ ਹੱਲ ਕਰਨ ਲਈ ਵੀ ਕੰਮ ਕਰ ਰਹੇ ਹਾਂ। ਇਸ ਸਮੇਂ ਦੌਰਾਨ ਅਸੀਂ ਇਸ ਵਾਇਰਸ ਦੇ ਪ੍ਰਭਾਵ ਅਤੇ ਪ੍ਰਵਾਹ ਨੂੰ ਘਟਾਉਣ ਅਤੇ ਇਸ ਨਾਲ ਲੜਨ ਲਈ ਪੂਰੀ ਤਰ੍ਹਾਂ ਤਿਆਰ ਬਰ ਤਿਆਰ ਹਾਂ। ਮੈਂਨੂੰ ਪੂਰਾ ਯਕੀਨ ਹੈ ਕਿ ਅਸੀਂ ਇਸ ਮਹਾਂਮਾਰੀ ਦੇ ਉੱਤੇ ਜਿੱਤ ਪ੍ਰਾਪਤ ਕਰ ਸਕਦੇ ਹਾਂ।
ਯੂਰੋਪੀਅਨ ਯੂਨੀਅਨ ਦੇ ਸਦਕਾ ਸਾਡੇ ਕੋਲ ਦੁਨੀਆਂ ਦੇ ਬਿਹਤਰੀਨ ਵਿਗਿਆਨੀ ਹਨ। ਅਸੀਂ ਟੀਕਿਆਂ ਤੋਂ ਲੈ ਕੇ ਜਾਂਚ ਅਤੇ ਇਲਾਜ ਲਈ, ਸਰਕਾਰੀ ਅਤੇ ਨਿੱਜੀ ਫੰਡਿੰਗ ਰਾਹੀਂ 140 ਮਿਲੀਅਨ ਯੂਰੋ ਇਕੱਠੇ ਕੀਤੇ ਹਨ। ਇਹ ਬੇਹਦ ਮਹੱਤਵਪੂਰਨ ਹੈ ਕਿ ਅਸੀਂ ਜਿੰਨੀ ਜਲਦੀ ਹੋ ਸਕੇ ਕੋਈ ਟੀਕਾ ਤਿਆਰ ਕਰ ਸਕੀਏ। ਇਸ ਕੰਮ ਲਈ ਅਸੀ ਪੂਰੀ ਪਾਰਦਰਸ਼ਤਾ ਕਾਇਮ ਰੱਖ ਰਹੇ ਹਾਂ।
ਤਾਜੀ ਜਾਣਕਾਰੀ ਸਮੇਤ ਸਮੁੱਚੇ ਅੰਕੜੇ, ਯੂਰਪੀਅਨ ਕਮਿਸ਼ਨ ਅਤੇ ਹੋਰ ਕਈ ਵੈਬਸਾਈਟਾਂ ਦੇ ਉੱਤੇ ਉਪਲਬਧ ਹਨ। ਅਸੀਂ ਇਹ ਮੰਨਦੇ ਹਾਂ ਕਿ ਇਸ ਸੰਕਟ ਦੇ ਸਮੇਂ ਸਮੁੱਚੀ ਜਨਤਕ ਜਾਣਕਾਰੀ ਹੀ ਸਫ਼ਲਤਾ ਦੀ ਕੁੰਜੀ ਹੈ। ਸਥਾਨਕ ਅਤੇ ਰਾਸ਼ਟਰੀ ਕਦਮਾਂ ਤੋਂ ਪਰ੍ਹੇ ਜਾਂਦਿਆਂ ਸਾਡੀ ਇਹ ਵਿਆਪਕ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਅੰਤਰਰਾਸ਼ਟਰੀ ਪੱਧਰ ‘ਤੇ ਇਸ ਵਾਇਰਸ ਨੂੰ ਕਰੜੇ ਹੱਥੀਂ ਲਈਏ ਕਿਉਂਕਿ ਇਹ ਵਾਇਰਸ ਕਿਸੇ ਰੋਕ, ਕਿਸੇ ਸਰਹੱਦ ਨੂੰ ਨਹੀਂ ਜਾਣਦਾ, ਤੇ ਇਸ ਕਾਰਨ ਇਹ ਸਮੂਚੇ ਸੰਸਾਰ ਲਈ ਇੱਕ ਵੱਡਾ ਖ਼ਤਰਾ ਹੈ।
ਸਾਨੂੰ ਇਸ ਮਹਾਂਮਾਰੀ ਦੇ ਪ੍ਰਕੋਪ ਨੂੰ ਫ਼ੈਲਣ ਤੋਂ ਰੋਕਣ ਲਈ ਬਹੁ-ਦੇਸ਼ੀ ਮੈਕੇਨਿਜ਼ਮਾਂ ਜਿਵੇਂ ਕਿ ਖਾਸ ਤੌਰ 'ਤੇ ਵਿਸ਼ਵ ਸਿਹਤ ਸੰਗਠਨ ਆਦਿ ਦੀ ਭਰਪੂਰ ਵਰਤੋਂ ਕਰਨੀ ਚਾਹੀਦੀ ਹੈ।
ਪ੍ਰਸ਼ਨ: ਮਹਾਂਮਾਰੀ ਫੈਲਣ ਤੋਂ ਬਾਅਦ ਬਿਨ੍ਹਾਂ ਕਿਸੇ ਬਾਰਡਰ ਤੋਂ ਹੋਈ ਆਵਾਜਾਈ ਕਾਰਨ ਯੂਰੋਪੀਅਨ ਯੂਨੀਅਨ ਕਿੰਨਾ ਕੁ ਜੋਖਮ ਵਿੱਚ ਹੈ? ਕੀ ਕਿਸੇ ਪ੍ਰਭਾਵਸ਼ਾਲੀ ਢੰਗ ਨਾਲ ਕੋਵਿਡ-19 ਤੋਂ ਪ੍ਰਭਾਵਿਤ ਯਾਤਰੀਆਂ ਨੂੰ ਮੁੜ ਲੱਭਣਾ ਅਤੇ ਉਨ੍ਹਾਂ ਦੀ ਪਛਾਣ ਕਰਨਾ ਸੰਭਵ ਹੈ ਜੋ ਕਿ ਪਹਿਲਾਂ ਆ ਗਏ ਸਨ?
ਅਸੀਂ ਇਸ ਨੂੰ ਗੰਭੀਰਤਾ ਨਾਲ ਨਜਿੱਠ ਰਹੇ ਹਾਂ। ਤਾਲਾਬੰਦੀ ਵਧੇਰੇ ਪ੍ਰਭਾਵਸ਼ਾਲੀ ਸਿੱਧ ਹੋ ਰਹੀ ਹੈ। ਅਸੀਂ ਇਸ ਜਨਤਕ ਸਿਹਤ ਦੇ ਖਤਰੇ ਨੂੰ ਦੂਰ ਕਰਨ ਲਈ ਕੋਈ ਵੀ ਲੋੜੀਂਦੇ ਕਦਮ ਚੁੱਕਣ ਲਈ ਤਿਆਰ ਹਾਂ। ਅਸੀਂ ਪਹਿਲਾਂ ਹੀ ਡਬਲਯੂ.ਐੱਚ.ਓ. ਵੱਲੋਂ ਦਿੱਤੀ ਗਈ ਸਲਾਹ 'ਤੇ ਗੰਭੀਰਤਾ ਨਾਲ ਅਮਲ ਕਰ ਰਹੇ ਹਾਂ।
ਅਸੀਂ ਸਿਹਤ ਸੰਸਥਾਵਾਂ ਨਾਲ ਲਗਾਤਾਰ ਸੰਪਰਕ ਵਿੱਚ ਹਾਂ। ਅਸੀਂ ਉਹ ਸਾਰੇ ਸਖਤ ਫੈਸਲੇ ਲੈ ਰਹੇ ਹਾਂ, ਜਿਨ੍ਹਾਂ ਦੀ ਹੁਣ ਸਾਨੂੰ ਲੋੜ ਹੈ। ਆਪਣੇ ਸਮਾਜਿਕ ਅਤੇ ਆਰਥਿਕ ਢਾਂਚੇ ਨੂੰ ਵੇਖਦੇ ਹੋਏ ਸਾਡੀ ਮੁੱਖ ਤਰਜੀਹ ਇਸ ਜਨਤਕ ਸਿਹਤ ਸੰਕਟ ਨੂੰ ਹੱਲ ਕਰਨ ਦੀ ਹੈ।
ਪ੍ਰਸ਼ਨ: ਯੂਰੋਪੀ ਸੰਘ ਦੇ ਭਾਰਤ ਵੱਲੋਂ ਯਾਤਰਾ ਪਾਬੰਦੀਆਂ ਦੀ ਸੂਚੀ ਵਿੱਚ ਸ਼ਾਮਲ ਹੋਣ ਕਾਰਨ ਬਹੁਤ ਸਾਰੇ ਭਾਰਤੀ ਵਿਦਿਆਰਥੀ ਆਵਾਜਾਈ ਵਿੱਚ ਜਾਂ ਰਿਹਾਇਸ਼ ਸਹੂਲਤਾਂ ਤੋਂ ਬਿਨਾਂ ਵੱਖ-ਵੱਖ ਸ਼ਹਿਰਾਂ ਵਿੱਚ ਫਸੇ ਹੋਏ ਹਨ। ਕੀ ਭਾਰਤ ਵਿੱਚ ਯੂਰੋਪੀਅਨ ਯੂਨੀਅਨ ਦੇ ਨਾਗਰਿਕਾਂ ਜਾਂ ਈ.ਯੂ. ਵਿੱਚ ਭਾਰਤੀ ਨਾਗਰਿਕਾਂ ਲਈ ਲੋੜ ਮੁਤਾਬਕ ਉਨ੍ਹਾਂ ਦਾ ਵੀਜ਼ਾ ਵਧਾਇਆ ਜਾ ਰਿਹਾ ਹੈ?
ਹਾਂ, ਅਸੀ ਸਾਰੇ ਮੈਂਬਰ ਰਾਜ ਵਿਅਕਤੀਗਤ ਤੌਰ ‘ਤੇ ਅਜਿਹਾ ਕਰ ਰਹੇ ਹਾਂ। ਅਸੀਂ ਯੂਰੋਪੀਅਨ ਯੂਨੀਅਨ ਵੱਲੋਂ ਵੀ ਸਹਾਇਤਾ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਸਾਰੇ ਸਮਝਦੇ ਹਾਂ ਕਿ ਇਸ ਸੰਕਟ ਵਿੱਚ ਅਸੀਂ ਇਕੱਠੇ ਹੀ ਫਸੇ ਹੋਏ ਹਾਂ ਅਤੇ ਸਾਨੂੰ ਕਾਫ਼ੀ ਲਚਕਦਾਰ ਹੋਣ ਦੀ ਜ਼ਰੂਰਤ ਹੈ ਜੋ ਕਿ ਇਸ ਸਮੇਂ ਦੀ ਖਾਸ ਜ਼ਰੂਰਤ ਹੈ। ਭਾਂਵੇਂ ਇਹ ਭਾਰਤ ਵਿੱਚ ਯੂਰੋਪੀਅਨਾਂ ਦੇ ਲਈ ਜਾਂ ਯੂਰੋਪ ਦੇ ਵਿੱਚ ਭਾਰਤੀਆਂ ਲਈ ਹੋਵੇ, ਅਸੀਂ ਸਮੇਂ ਦੀ ਜ਼ਰੂਰਤ ਦੀ ਸਪੱਸ਼ਟ ਸਮਝ ਨਾਲ ਇਸ ਦੇ ਉੱਤੇ ਕੰਮ ਕਰ ਰਹੇ ਹਾਂ।
ਪ੍ਰਸ਼ਨ:ਕੀ ਤੁਹਾਨੂੰ ਲੱਗਦਾ ਹੈ ਕਿ “ਸਰਹੱਦਾਂ ਨੂੰ ਬੰਦ ਕਰਨਾ” ਇਸ ਮਹਾਂਮਾਰੀ ਨਾਲ ਨਜਿੱਠਣ ਦਾ ਸਭ ਤੋਂ ਪ੍ਰਭਾਵਸ਼ਾਲੀ ਢੰਗ ਹੈ? ਕੀ ਝੁੰਡ ਪ੍ਰਤਿਰੋਧਤਾ ਨਾਲ ਇਸ ਸਮੱਸਿਆ ਤੋਂ ਬਚਿਆ ਜਾ ਸਕਦਾ ਹੈ?