ਭੁਵਨੇਸ਼ਵਰ:ਨਵੀਨ ਪਟਨਾਇਕ ਨੇ ਲਗਾਤਾਰ ਪੰਜਵੀਂ ਵਾਰ ਉੜੀਸਾ ਦੇ ਮੁੱਖ ਮੰਤਰੀ ਵੱਜੋਂ ਸਹੁੰ ਚੁੱਕੀ। ਸਹੁੰ ਚੁੱਕ ਸਮਾਗਮ ਵਿੱਚ ਪਟਨਾਇਕ ਦੀ ਭੈਣ ਪ੍ਰਸਿੱਧ ਭਾਰਤੀ ਲੇਖਕ ਗੀਤਾ ਮਹਿਤਾ ਵੀ ਮੌਜੂਦ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ 'ਟਵੀਟ' ਕਰ ਪਟਨਾਇਕ ਨੂੰ ਵਧਾਈ ਦਿੱਤੀ ਹੈ। ਉੜੀਸਾ ਦੇ ਗਵਰਨਰ ਗਣੇਸ਼ ਲਾਲ ਨੇ ਬੀਤੇ ਸ਼ਨਿਵਾਰ ਸੂਬੇ ਦੀ ਅਗਲੀ ਸਰਕਾਰ ਬਣਾਉਣ ਲਈ ਬੀਜੂ ਜਨਤਾ ਦਲ(ਬੀਜੇਡੀ) ਨੂੰ ਸਦਾ ਦਿੱਤਾ ਸੀ। ਸਹੁੰ ਚੁੱਕ ਸਮਾਗਮ ਭੁਵਨੇਸ਼ਵਰ ਦੇ ਪ੍ਰਦਰਸ਼ਨੀ ਮੈਦਾਨ ਵਿੱਚ ਆਯੋਜਿਤ ਕੀਤਾ ਗਿਆ। ਲਗਾਤਾਰ 5ਵੀਂ ਵਾਰ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣ ਵਾਲੇ ਨਵੀਨ ਪਟਨਾਇਕ ਨੇ ਬੀਤੇ ਐਤਵਾਰ ਸੂਬੇ ਦੇ ਗਵਰਨਰ ਨਾਲ ਮੁਲਾਕਾਤ ਕੀਤੀ ਅਤੇ ਬੀਜੇਡੀ ਵਿਧਾਇਕ ਸੰਗਠਨ ਦਾ ਨੇਤਾ ਚੁਣੇ ਜਾਣ ਤੋਂ ਬਾਅਦ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਸੀ।
ਬੀਜੇਡੀ ਨੇ ਸੂਬੇ ਵਿੱਚ ਕੁੱਲ 146 ਸੀਟਾਂ ਚੋਂ 112 'ਤੇ ਜਿੱਤ ਹਾਸਲ ਕੀਤੀ ਹੈ। 72 ਸਾਲ ਦੇ ਪਟਨਾਇਕ ਮਾਰਚ 2000 ਵਿੱਚ ਪਹਿਲੀ ਵਾਰ ਸੂਬੇ ਦੇ ਮੁੱਖ ਮੰਤਰੀ ਬਣੇ ਸਨ ਜਿਸ ਤੋਂ ਬਾਅਦ ਲਗਾਤਾਰ ਉਹ ਮੁੱਖ ਮੰਤਰੀ ਬਣਦੇ ਆ ਰਹੇ ਹਨ ਅਤੇ ਇਸ ਵਾਰ ਉਹ 5ਵੀਂ ਵਾਰ ਸੂਬੇ ਦੇ ਮੁੱਖ ਮੰਤਰੀ ਬਣੇ ਹਨ।