ਨਵੀਂ ਦਿੱਲੀ: ਭਾਰਤ 'ਚ ਕੋਰੋਨਾ ਦਾ ਕਹਿਰ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਸ਼ੁੱਕਰਵਾਰ ਸ਼ਾਮ ਤੱਕ ਦੇਸ਼ ਵਿੱਚ ਕੋਰੋਨਾ ਪੀੜਤਾਂ ਦੀ ਕੁੱਲ ਗਿਣਤੀ 13 ਲੱਖ ਨੂੰ ਪਾਰ ਕਰ ਗਈ ਹੈ ਅਤੇ ਮੌਤਾਂ ਦਾ ਅੰਕੜਾ 30,000 ਤੋਂ ਪਾਰ ਹੈ ਜਿਸ ਤੋਂ ਬਾਅਦ ਭਾਰਤ ਇਸ ਮਾਮਲੇ ਵਿਚ ਫਰਾਂਸ ਨੂੰ ਪਿੱਛੇ ਛੱਡ ਗਿਆ ਹੈ।
ਭਾਰਤ ਵਿਚ ਕੋਰੋਨਾ ਦੇ ਮਾਮਲੇ ਲਗਭਗ 3 ਹਫ਼ਤਿਆਂ ਵਿਚ ਦੁੱਗਣੇ ਹੋ ਗਏ ਹਨ ਜਦ ਕਿ 2 ਜੁਲਾਈ ਨੂੰ ਕੁੱਲ 6 ਲੱਖ ਮਾਮਲੇ ਹੋਏ ਸਨ, 24 ਜੁਲਾਈ ਨੂੰ 13 ਲੱਖ ਤੋਂ ਵੱਧ ਮਰੀਜ਼ ਸਾਹਮਣੇ ਆਏ ਹਨ। ਪਿਛਲੇ ਸ਼ੁੱਕਰਵਾਰ ਨੂੰ ਦੇਸ਼ ਵਿਚ ਕੋਰੋਨਾ ਪੀੜਤਾਂ ਅੰਕੜਾ ਇਕ ਕਰੋੜ ਤੋਂ ਪਾਰ ਹੋ ਗਿਆ ਸੀ। ਦੇਸ਼ ਦੇ ਬਹੁਤ ਸਾਰੇ ਸੂਬੇ ਜੋ ਸ਼ੁਰੂਆਤੀ ਪੜਾਅ ਵਿਚ ਘੱਟ ਪ੍ਰਭਾਵਿਤ ਹੋਏ ਸਨ ਉਹ ਵੀ ਇਸ ਵਾਇਰਸ ਨਾਲ ਸਭ ਤੋਂ ਵੱਧ ਜੂਝ ਰਹੇ ਹਨ।
ਮਹਾਰਾਸ਼ਟਰ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 9,615 ਨਵੇਂ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਇਸ ਨਾਲ ਸੂਬੇ ਵਿੱਚ ਕੋਰੋਨਾ ਪੀੜਤਾਂ ਦੀ ਗਿਣਤੀ ਵੱਧ ਕੇ 3,57,117 ਹੋ ਗਈ ਹੈ।
ਰਾਜਧਾਨੀ ਦਿੱਲੀ ਵਿੱਚ ਲਗਾਤਾਰ ਕੋਰੋਨਾ ਲਾਗ ਦੇ ਮਾਮਲੇ ਸਾਹਮਣੇ ਆ ਰਹੇ ਹਨ। ਪਿਛਲੇ 24 ਘੰਟਿਆਂ ਦੌਰਾਨ ਦਿੱਲੀ ਵਿੱਚ ਕੋਰੋਨਾ ਦੇ 1025 ਨਵੇਂ ਕੇਸ ਦਰਜ ਕੀਤੇ ਗਏ ਹਨ। ਇਸ ਕਾਰਨ ਹੁਣ ਦਿੱਲੀ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਕੁੱਲ ਗਿਣਤੀ 1,28,389 ਹੋ ਗਈ ਹੈ ਅਤੇ 3,777 ਲੋਕ ਇਸ ਵਾਇਰਸ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ।