ਨਵੀਂ ਦਿੱਲੀ: ਭਾਰਤ 'ਚ ਕੋਰੋਨਾ ਪੀੜਤਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਹੁਣ ਤੱਕ ਦੇਸ਼ ਵਿੱਚ ਕੋਰੋਨਾ ਪੀੜਤਾਂ ਦੀ ਗਿਣਤੀ 5.85 ਲੱਖ ਤੋਂ ਪਾਰ ਪਹੁੰਚ ਗਈ ਹੈ ਅਤੇ 17 ਹਜ਼ਾਰ ਤੋਂ ਲੋਕਾਂ ਦੀ ਮੌਤ ਹੋ ਚੁੱਕੀ ਹੈ। ਪਿਛਲੇ 24 ਘੰਟਿਆਂ ਵਿੱਚ 506 ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ ਹਨ।
ਮੁੰਬਈ ਵਿੱਚ 903 ਨਵੇਂ ਮਾਮਲੇ ਸਾਹਮਣੇ ਆਏ ਹਨ ਜਿਸ ਤੋਂ ਬਾਅਦ ਪੀੜਤ ਲੋਕਾਂ ਦੀ ਕੁੱਲ ਗਿਣਤੀ 77,197 ਹੋ ਗਈ। ਮੰਗਲਵਾਰ ਨੂੰ 93 ਮਰੀਜ਼ਾਂ ਦੀ ਮੌਤ ਤੋਂ ਬਾਅਦ, ਮਰਨ ਵਾਲਿਆਂ ਦੀ ਕੁੱਲ ਗਿਣਤੀ 4,554 ਹੋ ਚੁੱਕੀ ਹੈ। ਰਾਜਧਾਨੀ ਦਿੱਲੀ ਵਿੱਚ ਕੋਰੋਨਾ ਵਾਇਰਸ ਪੀੜਤਾਂ ਦੀ ਗਿਣਤੀ 85,161 ਤੱਕ ਪਹੁੰਚ ਗਈ ਹੈ। ਇਕੱਲੇ ਜੂਨ ਵਿਚ ਹੀ 64 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਦਿੱਲੀ ਤੋਂ ਸਾਹਮਣੇ ਆਏ ਅਤੇ ਹੁਣ ਤੱਕ 2680 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਮੰਗਲਵਾਰ ਨੂੰ ਕਰਨਾਟਕ ਵਿੱਚ ਪੀੜਤਾਂ ਦੀ ਗਿਣਤੀ 15,000 ਤੋਂ ਪਾਰ ਹੋ ਗਈ ਹੈ। ਪਿਛਲੇ 24 ਘੰਟਿਆਂ ਵਿੱਚ, ਵਾਇਰਸ ਦੇ 947 ਨਵੇਂ ਮਾਮਲੇ ਸਾਹਮਣੇ ਆਏ ਹਨ, 20 ਲੋਕਾਂ ਦੀ ਮੌਤ ਹੋ ਗਈ ਹੈ। ਰਾਜ ਵਿਚ ਮਰਨ ਵਾਲਿਆਂ ਦੀ ਕੁੱਲ ਗਿਣਤੀ 246 ਹੈ।
ਮੰਗਲਵਾਰ ਨੂੰ ਤਾਮਿਲਨਾਡੂ ਵਿੱਚ ਕੋਰੋਨਾ ਦੇ ਲਗਭਗ 4000 ਨਵੇਂ ਮਾਮਲੇ ਸਾਹਮਣੇ ਆਏ ਹਨ। ਰਾਜ ਵਿੱਚ ਪੀੜਤਾਂ ਦੀ ਗਿਣਤੀ 90,000 ਨੂੰ ਪਾਰ ਕਰ ਗਈ। 60 ਨਵੀਂਆਂ ਮੌਤਾਂ ਤੋਂ ਬਾਅਦ, ਕੁੱਲ ਮੌਤਾਂ ਦੀ ਗਿਣਤੀ 1,201ਤੱਕ ਪਹੁੰਚ ਗਈ ਹੈ।
ਪੰਜਾਬ ਦੀ ਗੱਲ ਕਰੀਏ ਤਾਂ ਮੰਗਲਵਾਰ ਨੂੰ ਕੋਰੋਨਾ ਵਾਇਰਸ ਦੇ 150 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਸ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 5568 ਹੋ ਗਈ ਹੈ। ਸੂਬੇ ਵਿੱਚ ਕੋਰੋਨਾ ਦੇ 1557 ਐਕਟਿਵ ਮਾਮਲੇ ਹਨ ਅਤੇ ਹੁਣ ਤੱਕ 144 ਲੋਕਾਂ ਦੀ ਮੌਤ ਹੋਈ ਹੈ।