ਨਵੀਂ ਦਿੱਲੀ: ਇੱਕ ਨੈਤਿਕ ਹੈਕਰ ਨੇ ਅਰੋਗਿਆ ਸੇਤੂ ਐਪ ਵਿੱਚ ਸੰਭਾਵਿਤ ਸੁਰੱਖਿਆ ਮੁੱਦੇ ਬਾਰੇ ਚਿੰਤਾ ਜ਼ਾਹਿਰ ਕੀਤੀ, ਜਿਸ ਤੋਂ ਬਾਅਦ ਸਰਕਾਰ ਨੇ ਬੁੱਧਵਾਰ ਨੂੰ ਕਿਹਾ ਕਿ ਅਰੋਗਿਆ ਸੇਤੂ ਵਿੱਚ ਕਿਸੇ ਨੈਟਵਰਕ ਜਾਂ ਸੁਰੱਖਿਆ ਉਲੰਘਣਾ ਦੀ ਪਛਾਣ ਨਹੀਂ ਹੋ ਸਕੀ ਹੈ।
ਅਰੋਗਿਆ ਸੇਤੂ ਐਪ ਨਾਲ ਨਹੀਂ ਹੋ ਰਹੀ ਸੁਰੱਖਿਆ ਮਿਆਰਾਂ ਦੀ ਉਲੰਘਣਾ: ਸਰਕਾਰ
ਇੱਕ ਨੈਤਿਕ ਹੈਕਰ ਨੇ ਅਰੋਗਿਆ ਸੇਤੂ ਐਪ ਵਿੱਚ ਸੰਭਾਵਿਤ ਸੁਰੱਖਿਆ ਮੁੱਦੇ ਬਾਰੇ ਚਿੰਤਾ ਜ਼ਾਹਿਰ ਕੀਤੀ ਜਿਸ ਤੋਂ ਬਾਅਦ, ਸਰਕਾਰ ਨੇ ਬੁੱਧਵਾਰ ਨੂੰ ਕਿਹਾ ਕਿ ਐਪ ਵਿੱਚ ਕੋਈ ਡਾਟਾ ਜਾਂ ਸੁਰੱਖਿਆ ਦੀ ਉਲੰਘਣਾ ਨਹੀਂ ਹੈ।
ਇਹ ਐਪ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਉਪਭੋਗਤਾਵਾਂ ਨੂੰ ਡਾਕਟਰੀ ਸਲਾਹ ਦੇਣ ਅਤੇ ਉਨ੍ਹਾਂ ਨਾਲ ਸੰਪਰਕ ਸਥਾਪਤ ਕਰਨ ਲਈ ਸਰਕਾਰ ਦੀ ਮੋਬਾਈਲ ਐਪਲੀਕੇਸ਼ਨ ਹੈ। ਮੰਗਲਵਾਰ ਨੂੰ ਇੱਕ ਫਰਾਂਸਿਸੀ ਹੈਕਰ ਅਤੇ ਸਾਈਬਰ ਸੁਰੱਖਿਆ ਮਾਹਰ ਇਲੀਅਟ ਐਲਡਰਸਨ ਨੇ ਦਾਅਵਾ ਕੀਤਾ ਸੀ ਕਿ ਐਪ ਵਿੱਚ ਇੱਕ ਸੁਰੱਖਿਆ ਮੁੱਦਾ ਮਿਲਿਆ ਹੈ ਅਤੇ 90 ਮਿਲੀਅਨ ਭਾਰਤੀਆਂ ਦੀ ਗੋਪਨੀਯਤਾ ਦਾਅ 'ਤੇ ਲੱਗੀ ਹੋਈ ਹੈ।
ਸਰਕਾਰ ਨੇ ਇਨ੍ਹਾਂ ਦਾਅਵਿਆਂ ਨੂੰ ਖਾਰਜ ਕਰਦਿਆਂ ਕਿਹਾ, "ਕਿਸੇ ਵੀ ਉਪਭੋਗਤਾ ਦੀ ਕੋਈ ਨਿੱਜੀ ਜਾਣਕਾਰੀ ਇਸ ਨੈਤਿਕ ਹੈਕਰ ਰਾਹੀਂ ਜੋਖਮ ਵਿੱਚ ਸਾਬਿਤ ਨਹੀਂ ਹੋਈ ਹੈ।" ਸਰਕਾਰ ਨੇ ਐਪ ਦੇ ਟਵਿੱਟਰ ਹੈਂਡਲ ਰਾਹੀਂ ਕਿਹਾ, "ਅਸੀਂ ਆਪਣੇ ਸਿਸਟਮ ਦਾ ਨਿਰੰਤਰ ਟੈਸਟ ਅਤੇ ਅਪਗ੍ਰੇਡ ਕਰ ਰਹੇ ਹਾਂ। ਟੀਮ ਅਰੋਗਿਆ ਸੇਤੂ ਸਾਰਿਆਂ ਨੂੰ ਭਰੋਸਾ ਦਿਵਾਉਂਦੀ ਹੈ ਕਿ ਕਿਸੇ ਵੀ ਡਾਟਾ ਜਾਂ ਸੁਰੱਖਿਆ ਦੀ ਉਲੰਘਣਾ ਨਹੀਂ ਕੀਤੀ ਗਈ ਹੈ।"