ਨਵੀਂ ਦਿੱਲੀ: ਉੱਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਦੇ ਅੰਦਰੂਨੀ ਮਾਮਲਿਆਂ ਵਿੱਚ ਬਾਹਰੀ ਦਖ਼ਲ ਦੀ ਕੋਈ ਗੁੰਜਾਇਸ਼ ਨਹੀਂ ਹੈ। ਭਾਰਤੀ ਸੰਵਿਧਾਨ ਦੇ ਅੰਦਰ ਆਉਣ ਵਾਲੇ ਮੁੱਦਿਆਂ ਅਤੇ ਭਾਰਤ ਸਰਕਾਰ ਦੇ ਅਧਿਕਾਰ ਖੇਤਰ ਵਿੱਚ ਵਿਦੇਸ਼ੀ ਦਖਲਅੰਦਾਜ਼ੀ ਦੇ ਰੁਝਾਨ ਬਾਰੇ ਚਿੰਤਾ ਪ੍ਰਗਟਾਉਦੇ ਹੋਏ ਨਾਇਡੂ ਨੇ ਕਿਹਾ ਕਿ ਇਸ ਤਰ੍ਹਾਂ ਦੇ ਯਤਨ ਪੂਰੀ ਤਰ੍ਹਾਂ ਨਾਜਾਇਜ਼ ਅਤੇ ਅਣਚਾਹੇ ਹਨ। ਉਨ੍ਹਾਂ ਉਮੀਦ ਜਤਾਈ ਕਿ ਭਵਿੱਖ ਵਿੱਚ ਬਾਹਰੀ ਲੋਕ ਇਸ ਤਰ੍ਹਾਂ ਦੇ ਬਿਆਨ ਨਹੀਂ ਦੇਣਗੇ।
ਸੋਮਵਾਰ ਨੂੰ ਇਥੇ ‘ਟੀਆਰਜੀ-ਐੱਨ ਐਨਿਗਮਾ’ ਪੁਸਤਕ ਦੀ ਰਿਲੀਜ਼ ਤੋਂ ਬਾਅਦ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦਿਆਂ ਨਾਇਡੂ ਨੇ ਕਿਹਾ ਕਿ ਇੱਕ ਪਰਿਪੱਕ ਗਣਤੰਤਰ ਅਤੇ ਲੋਕਤੰਤਰੀ ਦੇਸ਼ ਹੋਣ ਕਰਕੇ ਭਾਰਤ ਆਪਣੇ ਨਾਗਰਿਕਾਂ ਦੀਆਂ ਚਿੰਤਾਵਾਂ ਨੂੰ ਹੱਲ ਕਰਨ 'ਚ ਸਮਰੱਥ ਹੈ ਅਤੇ ਅਜਿਹੇ ਮਾਮਲਿਆਂ ਵਿੱਚ ਦੂਜਿਆਂ ਦੀ ਸਲਾਹ ਜਾਂ ਹਿਦਾਇਤ ਦੀ ਕੋਈ ਲੋੜ ਨਹੀਂ ਹੈ।
ਨਾਇਡੂ ਨੇ ਕਿਹਾ, "ਗਣਰਾਜ ਦੇ ਤੌਰ 'ਤੇ 70 ਸਾਲਾਂ ਦੇ ਤਜ਼ਰਬੇ ਦੇ ਅਧਾਰ 'ਤੇ ਅਸੀਂ ਕਈ ਚੁਣੌਤੀਆਂ ਨੂੰ ਸਫਲਤਾਪੂਰਵਕ ਪਾਰ ਕੀਤਾ ਹੈ। ਅਸੀਂ ਹੁਣ ਪਹਿਲਾਂ ਨਾਲੋਂ ਕਿਤੇ ਵੱਧ ਹੋ ਗਏ ਹਾਂ ਅਤੇ ਕਿਸੇ ਨੂੰ ਵੀ ਇਸ ਬਾਰੇ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ।”
ਉਪ ਰਾਸ਼ਟਰਪਤੀ ਨੇ ਗਣਤੰਤਰ ਦੇ ਤੌਰ 'ਤੇ 70 ਸਾਲਾਂ ਦੀ ਯਾਤਰਾ ਦੇ ਸਫਲਤਾਪੂਰਵਕ ਮੁਕੰਮਲ ਹੋਣ 'ਤੇ ਜਨਤਾ ਨੂੰ ਵਧਾਈ ਦਿੱਤੀ ਅਤੇ ਕਿਹਾ, "ਇੱਕ ਰਾਸ਼ਟਰ ਵਜੋਂ ਅਸੀਂ ਹਮੇਸ਼ਾਂ ਆਪਣੇ ਨਾਗਰਿਕਾਂ ਪ੍ਰਤੀ ਨਿਆਂ, ਆਜ਼ਾਦੀ ਅਤੇ ਬਰਾਬਰਤਾ ਲਈ ਵਚਨਬੱਧ ਹਾਂ। ਸਾਡਾ ਲੋਕਤੰਤਰ ਢੁਕਵੇਂ ਮਤਭੇਦਾਂ ਅਤੇ ਅਸਹਿਮਤੀ ਨੂੰ ਜਗ੍ਹਾ ਦਿੰਦਾ ਹੈ।”