ਹੁਣ 11ਵੇਂ ਦਿਨ ਪਾਸਪੋਰਟ ਹੋਵੇਗਾ ਤੁਹਾਡੇ ਹੱਥਾਂ 'ਚ
ਲੋਕਾਂ ਨੂੰ ਪਾਸਪੋਰਟ ਸਿਰਫ਼ 11 ਦਿਨਾਂ ਵਿੱਚ ਹੀ ਮਿਲ ਜਾਵੇਗਾ,ਜੇ 11 ਦਿਨਾਂ ਦੇ ਮਿੱਥੇ ਸਮੇਂ ਅੰਦਰ ਪੁਲਿਸ ਵੈਰੀਫ਼ਿਕੇਸ਼ਨ ਰਿਪੋਰਟ ਜਮ੍ਹਾਂ ਨਹੀਂ ਕਰਵਾਈ ਜਾਂਦੀ ਤਾਂ ਅਰਜ਼ੀ ਕਰਤਾ ਨੂੰ ਇਸ ਤੋਂ ਬਿਨਾਂ ਹੀ ਪਾਸਪੋਰਟ ਜਾਰੀ ਕਰ ਦਿੱਤਾ ਜਾਵੇਗਾ।
ਨਵੀ ਦਿੱਲੀ: ਲੋਕਾਂ ਨੂੰ ਵਿਦੇਸ਼ ਜਾਣ ਲਈ ਹਮੇਸ਼ਾ ਪਾਸਪੋਰਟ ਦੇਰੀ ਨਾਲ ਬਣਨ ਕਾਰਨ ਸਭ ਤੋਂ ਵੱਡੀ ਮੁਸ਼ਕਲ ਆਉਂਦੀ ਹੈ। ਇਸ ਮੁਸ਼ਕਲ ਨੂੰ ਦੂਰ ਕਰਨ ਲਈ ਵਿਦੇਸ਼ ਮੰਤਰਾਲੇ ਨੇ ਨਿਯਮਾ ਵਿੱਚ ਤਬਦੀਲੀ ਕੀਤੀ ਹੈ ਜਿਸ ਨਾਲ ਲੋਕਾਂ ਨੂੰ ਹੁਣ ਆਮ ਹਾਲਾਤ 'ਚ 11 ਦਿਨਾਂ ਦੇ ਅੰਦਰ ਪਾਸਪੋਰਟ ਮਿਲ ਜਾਵੇਗਾ। ਸਰਕਾਰ ਮੁਤਾਬਕ ਤਤਕਾਲ ਸ਼੍ਰੇਣੀ ਦੇ ਪਸਪੋਰਟ ਇੱਕ ਦਿਨ ਵਿਚ ਹੀ ਜਾਰੀ ਕੀਤੇ ਜਾ ਰਹੇ ਹਨ। ਵਿਦੇਸ਼ ਰਾਜ ਮੰਤਰੀ ਵੀ.ਮੁਰਲੀਧਰਨ ਨੇ ਲੋਕ ਸਭਾ 'ਚ ਪ੍ਰਸ਼ਨਕਾਲ ਦੌਰਾਨ ਇਹ ਜਾਣਕਾਰੀ ਦਿੱਤੀ ਹੈ।
ਵਿਦੇਸ਼ ਮੰਤਰਾਲੇ ਨੇ ਪਾਸਪੋਰਟ ਛੇਤੀ ਮੁਹੱਈਆ ਕਰਵਾਉਣ ਤੇ ਇਸ ਵਿਚ ਆਉਂਦੇ ਅੜਿੱਕਿਆਂ ਨੂੰ ਦੂਰ ਕਰਨ ਦੇ ਮੰਤਵ ਨਾਲ ਇਹ ਯਕੀਨੀ ਬਣਾਉਣ ਦਾ ਫ਼ੈਸਲਾ ਲਿਆ ਹੈ ਕਿ ਜੇ 11 ਦਿਨਾਂ ਦੇ ਮਿੱਥੇ ਸਮੇਂ ਅੰਦਰ ਪੁਲਿਸ ਵੈਰੀਫ਼ਿਕੇਸ਼ਨ ਰਿਪੋਰਟ (ਪੀਵੀਆਰ) ਜਮ੍ਹਾਂ ਨਹੀਂ ਕਰਵਾਈ ਜਾਂਦੀ ਤਾਂ ਅਰਜ਼ੀ ਕਰਤਾ ਨੂੰ ਇਸ ਤੋਂ ਬਿਨਾਂ ਹੀ ਪਾਸਪੋਰਟ ਜਾਰੀ ਕਰ ਦਿੱਤਾ ਜਾਵੇਗਾ। ਇਹ ਹੀ ਨਹੀਂ ਜਿਹੜੇ ਪੁਲਿਸ ਅਧਿਕਾਰੀ ਵੱਲੋਂ ਰਿਪੋਰਟ ਜਮ੍ਹਾਂ ਨਹੀਂ ਕਰਵਾਈ ਜਾਵੇਗੀ ਉਨ੍ਹਾਂ ਨੂੰ 150 ਰੁਪਏ ਦੀ ਫ਼ੀਸ ਵੀ ਨਹੀਂ ਮਿਲੇਗੀ।