ਪਟਨਾ: ਬਿਹਾਰ ਦੀ ਰਾਜਨੀਤੀ ਵਿੱਚ ਇੱਕ ਨਵਾਂ ਇਤਿਹਾਸ ਸਿਰਜਣ ਵਾਲੇ ਨਿਤੀਸ਼ ਕੁਮਾਰ ਨੇ ਸੋਮਵਾਰ ਨੂੰ ਦੋ ਦਹਾਕਿਆਂ ਵਿੱਚ ਸੱਤਵੀਂ ਵਾਰ ਸੂਬੇ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਦੇ ਕੌਮੀ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਵਰਗੇ ਐਨਡੀਏ ਦੇ ਨੇਤਾਵਾਂ ਦੀ ਮੌਜੂਦਗੀ ਵਿੱਚ ਰਾਜਪਾਲ ਫੱਗੂ ਚੌਹਾਨ ਨੇ ਰਾਜਭਵਨ ਵਿਖੇ ਹੋਏ ਇੱਕ ਸਮਾਗਮ ਵਿੱਚ ਕੁਮਾਰ ਨੂੰ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁੱਕਾਈ।
69 ਸਾਲਾ ਨਿਤੀਸ਼ ਕੁਮਾਰ ਦੇ ਨਾਲ ਭਾਜਪਾ ਵਿਧਾਇਕ ਦਲ ਦੇ ਨੇਤਾ ਅਤੇ ਕਟਿਹਾਰ ਤੋਂ ਵਿਧਾਇਕ ਤਰਕੀਸ਼ੋਰ ਪ੍ਰਸਾਦ, ਉਪਨੇਤਾ ਅਤੇ ਬੇਤਿਆ ਤੋਂ ਵਿਧਾਇਕ ਰੇਣੂ ਦੇਵੀ ਨੇ ਵੀ ਸਹੁੰ ਚੁੱਕੀ। ਨਿਤੀਸ਼ ਕੁਮਾਰ ਸੂਬੇ ਦੇ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਨਿਭਾ ਚੁੱਕੇ ਮੁੱਖ ਮੰਤਰੀ ਸ੍ਰੀਕ੍ਰਿਸ਼ਨ ਸਿੰਘ ਦੇ ਰਿਕਾਰਡ ਨੂੰ ਪੀਛੇ ਛੱਡਣ ਵੱਲ ਵੱਧ ਰਹੇ ਹਨ। ਜਿਨ੍ਹਾਂ ਨੇ ਆਜ਼ਾਦੀ ਤੋਂ ਪਹਿਲਾਂ ਤੋਂ ਲੈ ਕੇ 1961 ਵਿੱਚ ਆਪਣੀ ਮੌਤ ਤੱਕ ਇਸ ਅਹੁਦੇ 'ਤੇ ਸੇਵਾ ਦਿੱਤੀ ਸੀ।
ਕੁਮਾਰ ਦੇ ਰਾਜਨੀਤਿਕ ਸਫ਼ਰ ਉੱਤੇ ਇੱਕ ਨਜ਼ਰ
ਕੁਮਾਰ ਨੇ ਸਭ ਤੋਂ ਪਹਿਲਾਂ 2000 ਵਿੱਚ ਸੂਬੇ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ ਪਰ ਬਹੁਮਤ ਦੀ ਘਾਟ ਕਾਰਨ ਉਨ੍ਹਾਂ ਦੀ ਸਰਕਾਰ ਇੱਕ ਹਫ਼ਤੇ ਤੱਕ ਚੱਲੀ ਅਤੇ ਉਨ੍ਹਾਂ ਨੂੰ ਕੇਂਦਰ ਵਿੱਚ ਅਟਲ ਬਿਹਾਰੀ ਵਾਜਪਾਈ ਸਰਕਾਰ ਵਿੱਚ ਮੰਤਰੀ ਵਜੋਂ ਵਾਪਸ ਪਰਤਣਾ ਪਿਆ।