ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਨੀਤੀ ਆਯੋਗ ਦੀ ਬੈਠਕ ਹੋਈ। ਇਸ ਦੌਰਾਨ ਪੀਐੱਮ ਮੋਦੀ ਨੇ ਦੇਸ਼ ਦੀ ਆਰਥਿਕਤਾ ਨੂੰ 5 ਟ੍ਰਿਲੀਅਨ ਡਾਲਰ ਕਰਨ ਦਾ ਟੀਚਾ ਨਿਰਧਾਰਿਤ ਕੀਤਾ ਹੈ। ਇਸ ਦੇ ਨਾਲ ਹੀ ਮੋਦੀ ਨੇ ਕਿਹਾ ਕਿ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਦੇ ਮੰਤਰ ਨੂੰ ਪੂਰਾ ਕਰਨ ਵਿੱਚ ਨੀਤੀ ਆਯੋਗ ਦੀ ਅਹਿਮ ਭੂਮਿਕਾ ਹੈ।
ਨੀਤੀ ਆਯੋਗ ਦੀ ਬੈਠਕ, ਸਾਲ 2024 ਤੱਕ 5 ਟ੍ਰਿਲੀਅਨ ਡਾਲਰ ਦੀ ਆਰਥਿਕਤਾ ਦਾ ਟੀਚਾ - new delhi
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਨੀਤੀ ਆਯੋਗ ਦੀ ਬੈਠਕ ਹੋਈ। ਨੀਤੀ ਆਯੋਗ ਦੀ ਪੰਜਵੀਂ ਬੈਠਕ ਵਿੱਚ ਨਰਿੰਦਰ ਮੋਦੀ ਨੇ ਭਾਰਤ ਦੀ ਆਰਥਿਕਤਾ ਨੂੰ 2024 ਤੱਕ 5 ਟ੍ਰਿਲੀਅਨ ਡਾਲਰ ਕਰਨ ਦਾ ਟੀਚਾ ਨਿਰਧਾਰਤ ਕੀਤਾ। ਇਸ ਟੀਚੇ ਨੂੰ ਪੂਰਾ ਕਰਨ ਲਈ ਉਨ੍ਹਾਂ ਨੇ ਸਾਰੇ ਸੂਬਿਆਂ ਨੂੰ ਸਮਰਥਨ ਦੇਣ ਦੀ ਅਪੀਲ ਕੀਤੀ ਹੈ।
ਇਸ ਤੋਂ ਇਲਾਵਾ ਪੀਐੱਮ ਮੋਦੀ ਨੇ ਸੂਬੇ ਦੇ ਮੁੱਖ ਮੰਤਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਟੀਚਾ ਚੁਣੌਤੀ ਭਰਿਆ ਜ਼ਰੂਰ ਹੈ, ਪਰ ਇਸ ਨੂੰ ਸੂਬਾ ਸਰਕਾਰਾਂ ਦੀ ਮਿਹਨਤ ਨਾਲ ਹਾਸਿਲ ਕੀਤਾ ਜਾ ਸਕਦਾ ਹੈ। ਪੀਐੱਮ ਨੇ ਕਿਹਾ ਕਿ ਸੂਬਿਆਂ ਨੂੰ ਆਪਣੀ ਆਰਥਿਕ ਸਮੱਰਥਾ ਦੀ ਪਛਾਣ ਕਰਨੀ ਹੋਵੇਗੀ ਤੇ ਜੀਡੀਪੀ ਟਾਰਗੇਟ ਵਧਾਉਣ 'ਤੇ ਜ਼ੋਰ ਦੇਣਾ ਹੋਵੇਗਾ ਜਿਸ ਲਈ ਸੂਬਾ ਪੱਧਰ 'ਤੇ ਕੰਮ ਕਰਨ ਦੀ ਲੋੜ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਬਕਾ ਸਾਥ, ਸਬਕਾ ਵਿਕਾਸ ਦੇ ਮੰਤਰ ਨੂੰ ਲਾਗੂ ਕਰਨ ਵਿੱਚ ਨੀਤੀ ਆਯੋਗ ਅਹਿਮ ਰੋਲ ਅਦਾ ਕਰੇਗੀ। ਇਸ ਦੇ ਨਾਲ ਹੀ ਰੁਜ਼ਗਾਰ ਵਧਾਉਣ ਦੇ ਸਾਧਨਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਨਿਰਯਾਤ ਖ਼ੇਤਰ ਨੌਕਰੀਆਂ ਦੇਣ ਤੇ ਕਮਾਈ ਵਧਾਉਣ ਲਈ ਜ਼ਰੂਰੀ ਹੈ।