ਨਵੀਂ ਦਿੱਲੀ: ਯੈਸ ਬੈਂਕ ਦੇ ਸੰਕਟ ਨੇ ਗਾਹਕਾਂ ਦੀ ਨੀਂਦ ਉਡਾ ਦਿੱਤੀ ਹੈ। ਉਨ੍ਹਾਂ ਨੂੰ ਆਪਣਾ ਪੈਸਾ ਡੁੱਬਣ ਦੀ ਚਿੰਤਾ ਸਤਾ ਰਹੀ ਹੈ। ਵੀਰਵਾਰ ਨੂੰ ਬੈਂਕ ਉੱਤੇ ਕਈ ਪਾਬੰਦੀਆਂ ਲਗਾਈਆਂ ਗਈਆਂ ਤੇ ਹੁਣ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਗਾਹਕਾਂ ਨੂੰ ਪੈਸਾ ਨਾ ਡੁੱਬਣ ਨੂੰ ਲੈ ਕੇ ਭਰੋਸਾ ਦਵਾਇਆ ਹੈ।
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ, "ਮੈਂ ਇਸ ਬੈਂਕ ਦੇ ਸਾਰੇ ਜਮ੍ਹਾਂਕਰਤਾਵਾਂ ਨੂੰ ਭਰੋਸਾ ਦਿਵਾਉਣਾ ਚਾਹੁੰਦੀ ਹਾਂ ਕਿ ਉਨ੍ਹਾਂ ਦਾ ਪੈਸਾ ਬਿਲਕੁਲ ਸੁਰੱਖਿਅਤ ਹੈ। ਮੈਂ ਲਗਾਤਾਰ ਭਾਰਤੀ ਰਿਜ਼ਰਵ ਬੈਂਕ ਨਾਲ ਸੰਪਰਕ ਵਿੱਚ ਹਾਂ। ਬੈਂਕਾਂ, ਆਰਥਿਕਤਾ ਅਤੇ ਜਮ੍ਹਾਂ ਕਰਨ ਵਾਲਿਆਂ ਦੇ ਹਿੱਤ ਵਿੱਚ ਨਿਰੰਤਰ ਕਦਮ ਚੁੱਕੇ ਜਾ ਰਹੇ ਹਨ।"
ਵਿੱਤ ਮੰਤਰੀ ਨੇ ਕਿਹਾ, "ਰਿਜ਼ਰਵ ਬੈਂਕ ਦੇ ਗਵਰਨਰ ਨੇ ਮੈਨੂੰ ਭਰੋਸਾ ਦਿੱਤਾ ਹੈ ਕਿ ਜਲਦੀ ਹੀ ਇਸ ਮਸਲੇ ਦਾ ਹੱਲ ਕੀਤਾ ਜਾਵੇਗਾ। ਆਰਬੀਆਈ ਅਤੇ ਸਰਕਾਰ ਇਸ ਦੀ ਨਿਰੰਤਰ ਨਿਗਰਾਨੀ ਕਰ ਰਹੀਆਂ ਹਨ। ਮੈਂ ਨਿੱਜੀ ਤੌਰ 'ਤੇ ਆਰਬੀਆਈ ਦੇ ਨਾਲ ਮਿਲ ਕੇ ਕੁਝ ਮਹੀਨਿਆਂ ਤੋਂ ਸਥਿਤੀ ਦੀ ਨਿਗਰਾਨੀ ਕਰ ਰਹੀ ਹਾਂ ਅਤੇ ਹਰ ਇਕ ਦੇ ਹਿੱਤ ਵਿਚ ਜ਼ਰੂਰੀ ਕਦਮ ਚੁੱਕਾਂਗੇ।"
ਇਸ ਤੋਂ ਪਹਿਲਾਂ ਆਰਬੀਆਈ ਦੇ ਗਵਰਨਰ ਨੇ ਵੀ ਗਾਹਕਾਂ ਦੀਆਂ ਚਿੰਤਾਵਾਂ ਦੂਰ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਮਾਮਲਾ ਜਲਦ ਹੀ ਸੁਲਝਾ ਲਿਆ ਜਾਵੇਗਾ, ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ।
ਦੱਸ ਦਈਏ ਕਿ ਆਰਬੀਆਈ ਨੇ ਨਿੱਜੀ ਖੇਤਰ ਦੇ ਚੌਥੇ ਸਭ ਤੋਂ ਵੱਡੇ ਬੈਂਕ ਯੈਸ ਬੈਂਕ 'ਤੇ ਪਾਬੰਦੀ ਲਗਾਉਂਦਿਆਂ ਇਕ ਮਹੀਨੇ ਵਿਚ 50 ਹਜ਼ਾਰ ਰੁਪਏ ਤੱਕ ਕਢਵਾਉਣ ਦੀ ਸੀਮਾ ਲਾਗੂ ਕਰ ਦਿੱਤੀ ਹੈ। ਇਹ ਰੋਕ 3 ਅਪ੍ਰੈਲ ਤੱਕ ਲਾਗੂ ਰਹੇਗੀ।