ਨਵੀਂ ਦਿੱਲੀ: ਰਾਜਧਾਨੀ ਦਿੱਲੀ 'ਚ ਸਾਲ 2012 'ਚ ਹੋਏ ਨਿਰਭਯਾ ਜਬਰ ਜਨਾਹ ਮਾਮਲੇ ਨੂੰ ਲੈ ਕੇ ਮੰਗਲਵਾਰ ਨੂੰ ਪਟਿਆਲਾ ਹਾਊਸ ਕੋਰਟ ਨੇ ਆਪਣਾ ਫ਼ੈਸਲਾ ਸੁਣਾ ਦਿੱਤਾ ਹੈ। ਇਸ ਮਾਮਲੇ 'ਚ ਦੋਸ਼ੀਆਂ ਖ਼ਿਲਾਫ ਡੈੱਥ ਵਾਰੰਟ ਜਾਰੀ ਕਰ ਦਿੱਤਾ ਗਿਆ ਹੈ। ਇਸ ਮੁਤਾਬਕ 22 ਜਨਵਰੀ ਨੂੰ ਦੋਸ਼ੀਆਂ ਨੂੰ ਫਾਂਸੀ ਦਿੱਤੀ ਜਾਵੇਗੀ।
ਪਟਿਆਲਾ ਹਾਊਸ ਕੋਰਟ ਦੇ ਜੱਜ ਵੀਡੀਓ ਕਾਨਫ਼ੰਰਿੰਗ ਰਾਹੀਂ ਚਾਰਾਂ ਦੋਸ਼ੀਆਂ ਨਾਲ ਗੱਲਬਾਤ ਕੀਤੀ। ਜਿਸ ਤੋਂ ਬਾਅਦ ਕੋਰਟ ਨੇ ਫ਼ੈਸਲਾ ਸੁਣਾਉਂਦੇ ਹੋਏ ਨਿਰਭਯਾ ਮਾਮਲੇ 'ਚ ਚਾਰਾਂ ਦੋਸ਼ੀਆਂ ਅਕਸ਼ੇ, ਮੁਕੇਸ਼, ਵਿਨੇ ਅਤੇ ਪਵਨ ਨੂੰ ਫਾਂਸੀ ਦੇਣ ਦਾ ਫ਼ਤਵਾ ਜਾਰੀ ਕਰ ਦਿੱਤਾ। ਸੁਣਵਾਈ ਦੌਰਾਨ ਨਿਰਭਯਾ ਅਤੇ ਦੋਸ਼ੀ ਮੁਕੇਸ਼ ਦੀਆਂ ਮਾਂਵਾਂ ਅਦਾਲਤ 'ਚ ਹੀ ਰੋ ਪਈਆਂ।
ਬੇਟੀ ਨੂੰ ਮਿਲਿਆ ਇਨਸਾਫ਼
ਕੋਰਟ ਦੇ ਫੈਸਲੇ ਤੋਂ ਬਾਅਦ ਨਿਰਭਯਾ ਦੀ ਮਾਂ ਨੇ ਕਿਹਾ ਕਿ ਹੁਣ ਮੇਰੀ ਧੀ ਨੂੰ ਇਨਸਾਫ ਮਿਲਿਆ ਹੈ। 4 ਦੋਸ਼ੀਆਂ ਨੂੰ ਫਾਂਸੀ ਦੇਣ ਨਾਲ ਦੇਸ਼ ਦੀਆਂ ਔਰਤਾਂ ਨੂੰ ਸ਼ਕਤੀ ਮਿਲੇਗੀ। ਇਹ ਫੈਸਲਾ ਨਿਆਂ ਪ੍ਰਣਾਲੀ ਵਿੱਚ ਲੋਕਾਂ ਦੇ ਵਿਸ਼ਵਾਸ ਨੂੰ ਮਜ਼ਬੂਤ ਕਰੇਗਾ। ਉੱਥੇ ਹੀ ਨਿਰਭਯਾ ਦੇ ਪਿਤਾ ਨੇ ਕਿਹਾ ਕਿ ਮੈਂ ਅਦਾਲਤ ਦੇ ਫੈਸਲੇ ਤੋਂ ਖੁਸ਼ ਹਾਂ। ਦੋਸ਼ੀਆਂ ਨੂੰ 22 ਜਨਵਰੀ ਨੂੰ ਸਵੇਰੇ 7 ਵਜੇ ਫਾਂਸੀ ਦਿੱਤੀ ਜਾਵੇਗੀ, ਇਹ ਫੈਸਲਾ ਉਨ੍ਹਾਂ ਲੋਕਾਂ ਵਿੱਚ ਡਰ ਪੈਦਾ ਕਰੇਗਾ ਜੋ ਅਜਿਹੇ ਅਪਰਾਧ ਕਰਦੇ ਹਨ।
ਸਵਾਤੀ ਮਾਲੀਵਾਲ ਨੇ ਕੀਤਾ ਫ਼ੈਸਲੇ ਦਾ ਸਵਾਗਤ
ਦਿੱਲੀ ਮਹਿਲਾ ਕਮਿਸ਼ਨ ਦੀ ਮੁਖੀ ਸਵਾਤੀ ਮਾਲੀਵਾਲ ਨੇ ਕੋਰਟ ਦੇ ਇਸ ਫੈਸਲੇ ਦਾ ਜ਼ੋਰਦਾਰ ਸਵਾਗਤ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਇਸ ਦੇਸ਼ ਵਿੱਚ ਰਹਿੰਦੇ ਸਾਰੇ ਲੋਕਾਂ ਲਈ ਇੱਕ ਜਿੱਤ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਨਿਰਭਯਾ ਦੇ ਮਾਪਿਆਂ ਨੂੰ ਸਲਾਮ ਕਰਦੀ ਹਾਂ ਜਿਨ੍ਹਾਂ ਨੇ 7 ਸਾਲ ਤੱਕ ਸੰਘਰਸ਼ ਕੀਤਾ।
ਦੇਸ਼ ਦੀ ਹਰ ਧੀ ਨੂੰ ਮਿਲਿਆ ਇਨਸਾਫ: ਮਨੀਸ਼ਾ ਗੁਲਾਟੀ
ਦਿੱਲੀ ਮਹਿਲਾ ਸਮੂਹਿਕ ਜਬਰ ਜਨਾਹ ਕਾਂਡ ਦੇ 2012 ਵਿੱਚ ਅਦਾਲਤ ਦੇ ਫ਼ੈਸਲੇ ਬਾਰੇ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਕਿਹਾ ਕਿ ਇਹ ਬਹੁਤ ਚੰਗਾ ਫ਼ੈਸਲਾ ਹੈ ਅਤੇ ਮੈਂ ਇਸ ਦਾ ਸਵਾਗਤ ਕਰਦੀ ਹਾਂ। ਉਨ੍ਹਾਂ ਨੇ ਕਿਹਾ ਕਿ ਹੁਣ ਨਿਰਭਯਾ ਦੀ ਆਤਮਾ ਨੂੰ ਸ਼ਾਂਤੀ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਅੱਜ ਦੇਸ਼ ਦੀ ਹਰ ਧੀ ਨੂੰ ਇਨਸਾਫ ਮਿਲਿਆ ਹੈ।
ਜ਼ਿਕਰਯੋਗ ਹੈ ਕਿ ਤਿਹਾੜ ਜੇਲ ਵਿੱਚ ਕਰੀਬ 25 ਲੱਖ ਰੁਪਏ ਦੀ ਲਾਗ਼ਤ ਨਾਲ ਇੱਕ ਤਖ਼ਤਾ ਤਿਆਰ ਕੀਤਾ ਗਿਆ ਹੈ। ਇਸ ਤੋਂ ਬਾਅਦ ਇਹ ਸਾਫ਼ ਹੈ ਕਿ ਚਾਰੋਂ ਦੋਸ਼ੀਆਂ ਨੂੰ ਇੱਕਠੇ ਫਾਂਸੀ ਉੱਤੇ ਲਟਕਾਉਣ ਦੇ ਇੰਤਜ਼ਾਮ ਵੀ ਕਰ ਲਏ ਗਏ ਹਨ। ਪੁਰਾਣੇ ਫਾਂਸੀ ਘਰ ਦੇ ਤਖ਼ਤੇ ਉੱਤੇ ਇੱਕਠੇ ਦੋ ਲੋਕਾਂ ਨੂੰ ਫਾਂਸੀ ਦੇਣ ਦਾ ਇੰਤਜ਼ਾਮ ਪਹਿਲਾਂ ਤੋਂ ਹੀ ਹੈ। ਇਸ ਤੋਂ ਇਲਾਵਾ ਇੱਕ ਹੋਰ ਤਖ਼ਤਾ ਵੀ ਤਿਆਰ ਕੀਤਾ ਜਾ ਚੁੱਕਾ ਹੈ। ਜੇਲ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਅਦਾਲਤ ਦੇ ਆਦੇਸ਼ ਤੋਂ ਬਾਅਦ ਹੁਣ ਜੇਲ ਪੱਧਰ ਉੱਤੇ ਫਾਂਸੀ ਦੇਣ ਵਿੱਚ ਕਿਸੇ ਵੀ ਤਰ੍ਹਾਂ ਦੀ ਦੇਰੀ ਨਹੀਂ ਹੋਵੇਗੀ। ਦੱਸ ਦਈਏ ਕਿ ਨਿਰਭਯਾ ਦੀ ਮਾਂ ਵਲੋਂ ਦਾਇਰ ਕੀਤੀ ਪਟੀਸ਼ਨ ਦੀ ਸੁਣਵਾਈ ਕਰਦੇ ਹੋਏ ਪਟਿਆਲਾ ਹਾਊਸ ਕੋਰਟ ਨੇ ਦੋਸ਼ੀਆਂ ਦੇ ਡੇਥ ਵਾਰੰਟ ਉੱਤੇ ਸੁਣਵਾਈ ਲਈ 7 ਜਨਵਰੀ ਯਾਨੀ ਅੱਜ ਦੀ ਤਾਰੀਕ ਦਿੱਤੀ ਸੀ।