ਨਵੀਂ ਦਿੱਲੀ: ਨਿਰਭਯਾ ਜਬਰ-ਜਨਾਹ ਮਾਮਲੇ 'ਚ ਦੋਸ਼ੀ ਪਵਨ ਗੁਪਤਾ ਨੇ ਮੁੜ ਦਿੱਲੀ ਹਾਈ ਕੋਰਟ ਵਿੱਚ ਪਟੀਸ਼ਨ ਦਾਖਲ ਕੀਤੀ ਹੈ। ਪਵਨ ਨੇ ਪਟੀਸ਼ਨ ਵਿੱਚ ਹੇਠਲੀ ਅਦਾਲਤ ਨੂੰ ਚੁਣੌਤੀ ਦਿੱਤੀ ਹੈ।
ਦੋਸ਼ੀ ਵੱਲੋਂ ਦਾਖਲ ਕੀਤੀ ਗਈ ਪਟੀਸ਼ਨ ਵਿੱਚ ਦੋਸ਼ੀ ਨੇ ਕਿਹਾ ਕਿ ਇਸ ਮਾਮਲੇ ਦੇ ਇੱਕਲੌਤੇ ਗਵਾਹ ਦਾ ਬਿਆਨ ਭਰੋਸੇਯੋਗ ਨਹੀਂ ਹੈ। ਉਸ ਨੇ ਗਵਾਹ ਦੇ ਬਿਆਨ ਉੱਤੇ ਭਰੋਸਾ ਕੀਤੇ ਜਾਣ ਨੂੰ ਲੈ ਕੇ ਸਵਾਲ ਚੁੱਕੇ ਹਨ।
ਇਸ ਪਟੀਸ਼ਨ ਨੂੰ ਲੈ ਕੇ ਮੈਜਿਸਟਰੇਟ ਪ੍ਰਿਆਂਕ ਨਾਇਕ ਨੇ ਸਪੱਸ਼ਟ ਕੀਤਾ ਕਿ ਇਸ ਆਦੇਸ਼ ਦਾ ਦੂਸਰੇ ਮਾਮਲੇ 'ਤੇ ਕੋਈ ਅਸਰ ਨਹੀਂ ਹੋਏਗਾ ਅਤੇ ਇਸ ਅਰਜ਼ੀ ਦੇ ਕਾਰਨ ਫਾਂਸੀ ਉੱਤੇ ਕੋਈ ਅਸਰ ਨਹੀਂ ਪਵੇਗਾ।
ਦੱਸਣਯੋਗ ਹੈ ਕਿ ਨਿਰਭਯਾ ਮਾਮਲੇ ਦੇ ਚਾਰਾਂ ਦੋਸ਼ੀਆਂ ਵਿਰੁੱਧ ਪਟਿਆਲਾ ਹਾਊਸ ਕੋਰਟ ਨੇ ਨਵਾਂ ਡੈਥ ਵਾਰੰਟ ਜਾਰੀ ਕੀਤਾ ਹੈ। ਇਸ ਡੈਥ ਵਾਰੰਟ ਦੇ ਮੁਤਾਬਕ ਚਾਰਾਂ ਦੋਸ਼ੀਆਂ ਨੂੰ 20 ਮਾਰਚ ਦੀ ਸਵੇਰ ਸਾਢੇ ਪੰਜ ਵਜੇ ਫਾਂਸੀ ਹੋਣੀ ਹੈ। ਫਾਂਸੀ ਤੋਂ ਬਚਣ ਲਈ, ਦੋਸ਼ੀ ਅਦਾਲਤ ਵਿੱਚ ਲਗਾਤਾਰ ਪਟੀਸ਼ਨਾਂ ਦਾਇਰ ਕਰ ਰਹੇ ਹਨ।
ਨਵੇਂ ਡੈਥ ਵਾਰੰਟ ਦੇ ਜਾਰੀ ਹੋਣ ਤੋਂ ਬਾਅਦ ਦੋਸ਼ੀ ਵਿਨੈ ਨੇ ਉਪ ਰਾਜਪਾਲ ਦੇ ਸਾਹਮਣੇ ਪਟੀਸ਼ਨ ਦਾਇਰ ਕੀਤੀ ਸੀ। ਜਿਸ ਵਿਚ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲਣ ਦੀ ਮੰਗ ਕੀਤੀ ਗਈ ਸੀ।ਇਸ ਤੋਂ ਬਾਅਦ ਪਵਨ ਨੇ ਅਦਾਲਤ 'ਚ ਪਟੀਸ਼ਨ ਦਾਇਰ ਕਰਕੇ ਪੁਲਿਸ ਮੁਲਾਜ਼ਮਾਂ ਉੱਤੇ ਹਮਲੇ ਦਾ ਦੋਸ਼ ਲਾਇਆ।
ਦਿੱਲੀ ਦੀ ਇੱਕ ਅਦਾਲਤ ਨੇ 8 ਅਪ੍ਰੈਲ ਤੱਕ ਮੰਡੋਲੀ ਜੇਲ ਤੋਂ ਐਕਸ਼ਨ ਲੈਣ ਦੀ ਰਿਪੋਰਟ ਮੰਗੀ ਹੈ। ਦੋਸ਼ੀ ਪਵਨ ਗੁਪਤਾ ਨੇ ਇੱਕ ਅਰਜ਼ੀ ਰਾਹੀਂ ਮੰਡੋਲੀ ਜੇਲ ਦੇ 2 ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਕੁੱਟਮਾਰ ਕਰਨ ਅਤੇ ਸਿਰ ਵਿੱਚ ਗੰਭੀਰ ਸੱਟ ਲੱਗਣ ਦੇ ਦੋਸ਼ ਵਿੱਚ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਸੀ।