ਨਵੀਂ ਦਿੱਲੀ: ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਦੀ ਟੀਮ ਸਾਲ 2019 ਵਿਚ ਪੁਲਵਾਮਾ ਅੱਤਵਾਦੀ ਹਮਲੇ ਦੇ ਮਾਮਲੇ 'ਚ ਚਾਰਜਸ਼ੀਟ ਦਾਖਲ ਕਰਨ ਲਈ ਐਨਆਈਏ ਕੋਰਟ ਪਹੁੰਚੀ। ਇਹ ਚਾਰਜਸ਼ੀਟ 5000 ਪੰਨਿਆਂ ਦੀ ਦੱਸੀ ਜਾ ਰਹੀ ਹੈ।
ਅਜਿਹੀ ਜਾਣਕਾਰੀ ਹੈ ਕਿ ਇਸ ਚਾਰਜਸ਼ੀਟ ਵਿੱਚ ਐਨਆਈਏ ਨੇ ਕੁੱਲ 20 ਅੱਤਵਾਦੀਆਂ ਦੇ ਨਾਂਅ ਸ਼ਾਮਲ ਕੀਤੇ ਹਨ। ਜੈਸ਼ ਸਰਗਨਾ ਮਸੂਦ ਅਜ਼ਹਰ ਅਤੇ ਰਾਉਫ ਅਸਗਰ ਮਸੂਦ ਦੇ ਨਾਂਅ ਵੀ ਚਾਰਜਸ਼ੀਟ ਵਿੱਚ ਸ਼ਾਮਲ ਹਨ। ਇਸ ਦੇ ਨਾਲ ਹੀ ਮਸੂਦ ਅਜ਼ਹਰ ਦੇ ਭਤੀਜੇ ਉਮਰ ਫਾਰੂਕ ਅਤੇ ਆਦਿਲ ਡਾਰ ਦੇ ਨਾਂਅ ਵੀ ਸ਼ਾਮਲ ਹਨ।
ਚਾਰਜਸ਼ੀਟ ਵਿਚ ਹਮਲੇ ਵਿਚ ਸ਼ਾਮਲ ਅੱਤਵਾਦੀਆਂ ਅਤੇ ਵਟਸਐਪ ਚੈਟ ਵਿਚ ਹੋਈ ਗੱਲਬਾਤ ਦੀ ਜਾਣਕਾਰੀ ਵੀ ਸ਼ਾਮਲ ਹੈ। ਆਰਡੀਐਕਸ ਨੂੰ ਅੰਤਰਰਾਸ਼ਟਰੀ ਸਰਹੱਦ ਰਾਹੀਂ ਪਾਕਿਸਤਾਨ ਤੋਂ ਲਿਆਉਣ ਦੀ ਪੂਰੀ ਸਾਜਿਸ਼ ਦੇ ਵੇਰਵੇ ਉਪਲੱਬਧ ਹਨ, ਨਾਲ ਹੀ ਪਾਕਿਸਤਾਨ ਵਿਚ ਮੌਜੂਦ ਅੱਤਵਾਦੀਆਂ ਦੇ ਸਰਗਨਾ ਮਸੂਦ ਅਜ਼ਹਰ ਅਤੇ ਹਮਲੇ ਵਿਚ ਸ਼ਾਮਲ ਅੱਤਵਾਦੀਆਂ ਦੇ ਸਬੂਤ ਵੀ ਹਨ।
ਜ਼ਿਕਰਯੋਗ ਹੈ ਕਿ 14 ਫਰਵਰੀ, 2019 ਨੂੰ ਪੁਲਵਾਮਾ ਵਿੱਚ ਸੀਆਰਪੀਐਫ ਜਵਾਨਾਂ ਦੇ ਕਾਫਿਲੇ ਦੇ ਲੰਘਣ ਦੌਰਾਨ ਇੱਕ ਕਾਰ ਵਿੱਚ ਵਿਸਫੋਟਕ ਰੱਖ ਕੇ ਆਤਮਘਾਤੀ ਹਮਲਾਵਰ ਨੇ ਜਵਾਨਾਂ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਇੱਕ ਵੱਡਾ ਧਮਾਕਾ ਹੋਇਆ ਅਤੇ 40 ਤੋਂ ਵੱਧ ਜਵਾਨ ਸ਼ਹੀਦ ਹੋ ਗਏ।