ਨਵੀਂ ਦਿੱਲੀ: ਕੌਮੀ ਜਾਂਚ ਏਜੰਸੀ (ਐਨਆਈਏ) ਨੇ ਸੋਮਵਾਰ ਨੂੰ ਕਿਹਾ ਕਿ ਇਸ ਨੇ ਪਾਕਿਸਤਾਨੀ ਖੁਫੀਆ ਏਜੰਸੀ ਇੰਟਰ ਸਰਵਿਸਿਜ਼ ਇੰਟੈਲੀਜੈਂਸ (ਆਈਐਸਆਈ) ਲਈ ਕੰਮ ਕਰਨ ਵਾਲੇ ਇੱਕ ਵਿਅਕਤੀ ਨੂੰ ਗੁਜਰਾਤ ਦੇ ਕੱਛ ਤੋਂ ਗ੍ਰਿਫ਼ਤਾਰ ਕੀਤਾ ਹੈ।
ਐਨਆਈਏ ਦੇ ਬੁਲਾਰੇ ਨੇ ਕਿਹਾ ਕਿ ਉਨ੍ਹਾਂ ਨੇ ਐਤਵਾਰ ਨੂੰ ਇੱਕ ਮਾਮਲੇ ਦੀ ਜਾਂਚ ਦੇ ਸਿਲਸਿਲੇ ਵਿੱਚ ਦੋਸ਼ੀ ਰਜਕ ਭਾਈ ਕੁੰਭਾਰ ਨੂੰ ਪੱਛਮੀ ਕੱਛ ਤੋਂ ਗ੍ਰਿਫ਼ਤਾਰ ਕੀਤਾ ਹੈ। ਐਨਆਈਏ ਵੱਲੋਂ ਉਸ ਦੇ ਘਰ ਦੀ ਤਲਾਸ਼ੀ ਲੈਣ ਤੋਂ 4 ਦਿਨ ਬਾਅਦ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਐਨਆਈਏ ਦੇ ਬੁਲਾਰੇ ਮੁਤਾਬਕ ਕੁੰਭਾਰ ਮੁੰਦਰਾ ਡੌਕਯਾਰਡ ਵਿੱਚ ਸੁਪਰਵਾਈਜ਼ਰ ਵਜੋਂ ਕੰਮ ਕਰਦਾ ਸੀ, ਜਦੋਂ ਉਸ ਨੂੰ ਆਈਐਸਆਈ ਲਈ ਕੰਮ ਕਰਦੇ ਪਾਇਆ ਗਿਆ। ਇਹ ਮਾਮਲਾ ਉੱਤਰ ਪ੍ਰਦੇਸ਼ ਦੇ ਚੰਦੌਲੀ ਜ਼ਿਲ੍ਹੇ ਦੇ ਨਿਵਾਸੀ ਮੁਹੰਮਦ ਰਾਸ਼ਿਦ ਦੀ ਗ੍ਰਿਫ਼ਤਾਰੀ ਨਾਲ ਸਬੰਧਿਤ ਹੈ।
ਐਨਆਈਏ ਨੇ ਇਸ ਸਾਲ 6 ਅਪ੍ਰੈਲ ਨੂੰ ਆਈਪੀਸੀ ਅਤੇ ਯੂਏਪੀਏ ਦੀ ਕਈ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ। ਬੁਲਾਰੇ ਨੇ ਕਿਹਾ ਕਿ ਜਾਂਚ ਦੌਰਾਨ ਇਹ ਪਤਾ ਲੱਗਾ ਹੈ ਕਿ ਰਾਸ਼ਿਦ ਪਾਕਿਸਤਾਨ ਵਿੱਚ ਆਈਐਸਆਈ ਸੰਚਾਲਕਾਂ ਦੇ ਸੰਪਰਕ ਵਿੱਚ ਸੀ ਅਤੇ 2 ਵਾਰ ਪਾਕਿਸਤਾਨ ਦਾ ਦੌਰਾ ਕਰ ਚੁੱਕਿਆ ਸੀ।
ਐਨਆਈਏ ਦੇ ਬੁਲਾਰੇ ਨੇ ਕਿਹਾ ਕਿ ਜਾਂਚ ਵਿੱਚ ਪਤਾ ਚੱਲਿਆ ਹੈ ਕਿ ਕੁੰਭਾਰ ਨੇ ਆਈਐਸਆਈ ਏਜੰਟ ਦੇ ਰੂਪ ਵਿੱਚ ਕੰਮ ਕੀਤਾ ਅਤੇ ਪੇਟੀਐਮ ਰਾਹੀਂ 5 ਹਜ਼ਾਰ ਰੁਪਏ ਇੱਕ ਰਿਜ਼ਵਾਨ ਨਾਂਅ ਦੇ ਵਿਅਕਤੀ ਦੇ ਖਾਤੇ ਵਿੱਚ ਟਰਾਂਸਫਰ ਕੀਤੇ, ਜੋ ਕਿ ਅੱਗੇ ਮੁੱਖ ਦੋਸ਼ੀ ਰਾਸ਼ਿਦ ਨੂੰ ਸੌਂਪ ਦਿੱਤੇ ਗਏ। ਅਧਿਕਾਰੀ ਨੇ ਕਿਹਾ ਕਿ ਰਾਸ਼ਿਦ ਦੁਆਰਾ ਆਈਐਸਆਈ ਏਜੰਟਾਂ ਨੂੰ ਦਿੱਤੀ ਜਾਣਕਾਰੀ ਦੇ ਬਦਲੇ ਆਈਐਸਆਈ ਸੰਚਾਲਕਾਂ ਦੇ ਨਿਰਦੇਸ਼ਾਂ 'ਤੇ ਰਜਕਭਾਈ ਕੁੰਭਾਰ ਵੱਲੋਂ ਰਾਸ਼ਿਦ ਨੂੰ ਟਰਾਂਸਫਰ ਕੀਤੀ ਗਈ।
ਐਨਆਈਏ ਨੇ 27 ਅਗਸਤ ਨੂੰ ਕੁੰਭਾਰ ਦੇ ਘਰ ਦੀ ਤਲਾਸ਼ੀ ਲਈ ਸੀ ਅਤੇ ਕਈ ਦਸਤਾਵੇਜ਼ ਬਰਾਮਦ ਕੀਤੇ ਸਨ।