ਨਵੀਂ ਦਿੱਲੀ : ਨੈਸ਼ਨਲ ਗ੍ਰੀਨ ਟ੍ਰਬਿਊਨਲ (ਐੱਨ.ਜੀ.ਟੀ) ਨੇ ਵਿਸ਼ਾਖ਼ਾਪਟਨਮ ਵਿਖੇ ਐੱਲਜੀ ਪਾਲੀਮਰਜ਼ ਇੰਡਸਟਰੀ ਤੋਂ ਸਟਾਇਰੀਨ ਗੈਸ ਲੀਕ ਹੋਣ ਦੇ ਮਾਮਲੇ ਵਿੱਚ ਨੋਟਿਸ ਲਿਆ ਹੈ। ਐੱਨ.ਜੀ.ਟੀ ਚੇਅਰਮੈਨ ਜੱਜ ਆਦਰਸ਼ ਕੁਮਾਰ ਗੋਇਲ ਦੀ ਅਗਵਾਈ ਵਾਲੀ ਬੈਂਚ ਨੇ ਆਂਧਰਾ ਪ੍ਰਦੇਸ਼ ਰਾਜ ਪ੍ਰਦੂਸ਼ਨ ਕੰਟਰੋਲ ਬੋਰਡ, ਵਿਸ਼ਾਖਾਪਟਨਮ ਦੇ ਜ਼ਿਲ੍ਹਾ ਮੈਜਿਸਟ੍ਰੇਟ, ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ, ਕੇਂਦਰੀ ਜੰਗਲਾਤ ਅਤੇ ਵਾਤਾਵਰਣ ਮੰਤਰਾਲੇ ਅਤੇ ਐੱਲਜੀ ਪਾਲੀਮਰਜ਼ ਨੂੰ ਨੋਟਿਸ ਜਾਰੀ ਕੀਤਾ ਹੈ। ਇਸ ਮਾਮਲੇ ਵਿੱਚ ਅਗਲੀ ਸੁਣਵਾਈ 18 ਮਈ ਨੂੰ ਹੋਵੇਗੀ।
50 ਕਰੋੜ ਦਾ ਲਾਇਆ ਜ਼ੁਰਮਾਨਾ
ਐੱਨਜੀਟੀ ਨੇ ਲੋਕਾਂ ਦੀ ਸਿਹਤ ਅਤੇ ਵਾਤਾਵਰਣ ਨੂੰ ਹੋਏ ਨੁਕਸਾਨ ਦੀ ਭਰਪਾਈ ਕਰਨ ਦੇ ਲਈ ਐੱਲ ਜੀ ਪਾਲੀਮਰਜ਼ ਨੂੰ 50 ਕਰੋੜ ਰੁਪਏ ਦਾ ਜ਼ੁਰਮਾਨਾ ਲਾਇਆ ਹੈ। ਐੱਨਜੀਟੀ ਨੇ ਇੱਕ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ ਜੋ ਇਸ ਘਟਨਾ ਬਾਰੇ ਰਿਪੋਰਟ ਦੇਵੇਗਾ। ਇਸ ਕਮੇਟੀ ਵਿੱਚ ਆਂਧਰਾ ਪ੍ਰਦੇਸ਼ ਹਾਈਕੋਰਟ ਦੇ ਸਾਬਕਾ ਜੱਜ ਬੀ. ਸੇਸ਼ੈਯਾਨਾ ਰੈੱਡੀ, ਆਂਧਰਾ ਯੂਨੀਵਰਸਿਟੀ, ਵਿਸ਼ਾਖਾਪਟਨਮ ਦੇ ਸਾਬਕਾ ਵੀ.ਸੀ ਵੀ. ਰਾਮਚੰਦਰ ਮੂਰਤੀ, ਆਂਧਰਾ ਯੂਨੀਵਰਸਿਟੀ ਦੇ ਕੈਮੀਕਲ ਇੰਜੀਨਿਅਰਿੰਗ ਦੇ ਵਿਭਾਗ ਮੁਖੀ ਕੁਲਪਤੀ ਕਿੰਗ, ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਮੈਂਬਰ ਸਕੱਤਰ, ਸੀਐੱਆਈਆਰ-ਇੰਸਟੀਚਿਊਟ ਆਫ਼ ਕੈਮੀਕਲਜ ਟੈਕਨਾਲੋਜੀ ਅਤੇ ਨੀਰੀ ਵਿਸ਼ਾਖਾਪਟਨਮ ਦੇ ਮੁਖੀ ਸ਼ਾਮਲ ਹਨ। ਐੱਨਜੀਟੀ ਨੇ ਇਸ ਕਮੇਟੀ ਤੋਂ 18 ਮਈ ਤੱਕ ਰਿਪੋਰਟ ਦੇਣ ਨੂੰ ਕਿਹਾ ਹੈ।
5 ਮੈਂਬਰੀ ਕਮੇਟੀ ਤੋਂ ਰਿਪੋਰਟ ਤਲਬ
ਐੱਨਜੀਟੀ ਨੇ ਕਮੇਟੀ ਨੂੰ ਹਦਾਇਤਾਂ ਦਿੱਤੀਆਂ ਹਨ ਕਿ ਜਿੰਨੀ ਜਲਦ ਹੋ ਸਕੇ ਮੌਕੇ ਦਾ ਮੁਆਇਨਾ ਕੀਤਾ ਜਾਵੇਗਾ ਅਤੇ ਰਿਪੋਰਟ ਦਿੱਤੀ ਜਾਵੇ। ਐੱਨਜੀਟੀ ਨੇ ਕਮੇਟੀ ਨੂੰ ਹਦਾਇਤਾਂ ਦਿੱਤੀਆਂ ਹਨ ਕਿ ਉਹ ਰਿਪੋਰਟ ਵਿੱਚ ਘਟਨਾਕ੍ਰਮ, ਘਟਨਾ ਦੇ ਕਾਰਨ ਅਤੇ ਉਸ ਦੇ ਲਈ ਜ਼ਿੰਮੇਵਾਰ ਏਜੰਸੀਆਂ ਅਤੇ ਲੋਕਾਂ ਦੀ ਜਾਣਕਾਰੀ ਦੇਵੇ।