ਨਵੀਂ ਦਿੱਲੀ, 17 ਜੁਲਾਈ: ਸਿੱਕਮ ਹਾਈ ਕੋਰਟ ਵਿੱਚ ਗੁਰਦੁਆਰਾ ਡਾਂਗਮਾਰ ਸਾਹਿਬ ਬਾਰੇ ਸਿਲੀਗੁੜੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਾਈ ਗਈ ਰਿੱਟ ਪਟੀਸ਼ਨ 'ਤੇ ਸੁਣਵਾਈ ਹੋਈ। ਇਸ ਮੌਕੇ ਐਡਵੋਕੇਟ ਰਿਤੇਸ਼ ਖੱਤਰੀ ਅਤੇ ਦਿੱਲੀ ਕਮੇਟੀ ਵੱਲੋਂ ਲੀਗਲ ਸੈਂਲ ਦੇ ਚੇਅਰਮੈਨਜਗਦੀਪ ਸਿੰਘ ਕਾਹਲੋਂ ਅਤੇ ਮੈਂਬਰ ਗੁਰਮੀਤ ਸਿੰਘ ਭਾਟੀਆ ਪੇਸ਼ ਹੋਏ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਇਸ ਦੌਰਾਨ ਤਕਰੀਬਨ ਚਾਰ ਘੰਟੇ ਬਹਿਸ ਹੋਈ। ਉਹਨਾਂ ਦੱਸਿਆ ਕਿ ਅਜਮੇਰ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਵੱਲੋਂ ਇੰਟਰਵੈਨਸ਼ਨ ਐਪਲੀਕੇਸ਼ਨ ਆਈ.ਏ.ਪੀ ਉੱਪਰ ਬਹਿਸ ਹੋਈ। ਜਿਸ ਵਿੱਚ ਅਜਮੇਰ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਵੱਲੋਂ ਵੱਖਰੇ ਤੌਰ 'ਤੇ ਰੈਸਪੋਡੈਂਟ ਬਣਨ ਲਈ ਦਿੱਤੀ ਅਰਜ਼ੀ ਉੱਤੇ ਬਹਿਸ ਕੀਤੀ ਗਈ। ਦਲੀਲਾਂ ਸੁਣਨ ਤੋਂ ਬਾਅਦ ਮਾਨਯੋਗ ਜੱਜ ਨੇ ਕਿਹਾ ਕਿ ਉਹ ਇਸ ਮਾਮਲੇ ਵਿੱਚ ਹੋਰ ਦਲੀਲਾਂ ਸੁਣਨ ਤੋਂ ਬਾਅਦ ਕਾਨੂੰਨੀ ਨੁਕਤੇ ਜਾਣਨ ਚਾਹੁੰਦੇ ਹਨ। ਇਸ ਲਈ ਇਸ ਮਾਮਲੇ ਦੀ ਅਗਲੀ ਸੁਣਵਾਈ 30 ਅਗਸਤ ਨੂੰ ਕੀਤੀ ਜਾਵੇਗੀ।