ਨਵੀਂ ਦਿੱਲੀ: ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦੇ 100 ਦਿਨਾਂ ਵਿੱਚ ਸਭ ਤੋਂ ਵੱਡੀ ਪ੍ਰਾਪਤੀ ਵਿੱਚ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਰਾਜ ਦਾ ਦਰਜਾ ਖ਼ਤਮ ਕਰਨਾ ਹੈ। ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਦਾ ਅਗਲਾ ਏਜੰਡਾ ਮਕਬੂਜ਼ਾ ਕਸ਼ਮੀਰ ਨੂੰ ਭਾਰਤ ਦਾ ਹਿੱਸਾ ਬਣਾਉਣਾ ਹੈ।
ਜਿਤੇਂਦਰ ਸਿੰਘ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਮੁੱਦੇ 'ਤੇ ਕਿਹਾ, ਇਹ ਕੇਵਲ ਮੇਰੀ ਜਾਂ ਮੇਰੀ ਪਾਰਟੀ ਦੀ ਵਚਨਵੱਧਤਾ ਨਹੀਂ ਹੈ ਸਗੋਂ ਇਹ 1994 ਵਿੱਚ ਪੀਵੀ ਨਰਸਿੰਘ ਰਾਵ ਦੀ ਪ੍ਰਧਾਨਗੀ ਵਾਲੀ ਤਤਕਾਲੀ ਕਾਂਗਰਸ ਸਰਕਾਰ ਵੱਲੋਂ ਸਰਬਸੰਮਤੀ ਨਾਲ ਪਾਸ ਕੀਤਾ ਸੰਕਲਪ ਹੈ।
ਪਾਕਿਸਤਾਨ ਵੱਲੋਂ ਭਾਰਤ ਵਿਰੁੱਧ ਸ਼ੁਰੂ ਕੀਤੇ ਗਏ ਕੂੜ ਪ੍ਰਚਾਰ ਬਾਰੇ ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਕਿਹਾ ਕਿ ਦੁਨੀਆਂ ਦਾ ਰੁਖ਼ ਭਾਰਤ ਪ੍ਰਤੀ ਸਹੀ ਹੈ ਜਿਹੜੇ ਪਹਿਲਾਂ ਭਾਰਤ ਦੇ ਰੁਖ਼ ਨਾਲ਼ ਸਹਿਮਤ ਨਹੀਂ ਸਨ ਹੁਣ ਉਹ ਵੀ ਸਹਿਮਤ ਹੋ ਗਏ ਹਨ। ਇਸ ਦੇ ਨਾਲ਼ ਹੀ ਕਿਹਾ ਕਿ ਕਸ਼ਮੀਰ ਦਾ ਆਮ ਨਾਗਰਿਕ ਹੁਣ ਖ਼ੁਸ਼ ਹੈ।
ਕਸ਼ਮੀਰ ਦੇ ਹਲਾਤਾਂ ਬਾਰੇ ਕਿਹਾ ਕਿ ਕਸ਼ਮੀਰ ਨਾ ਤਾਂ ਬੰਦ ਹੈ ਨਾਂ ਹੀ ਕਰਫ਼ਿਊ ਹੈ ਬਸ ਉੱਥੇ ਕੁਝ ਪਾਬੰਧੀਆਂ ਲੱਗੀਆਂ ਹੋਈਆਂ ਹਨ ਜੇ ਕਸ਼ਮੀਰ ਵਿੱਚ ਕਰਫ਼ਿਊ ਹੁੰਦਾ ਤਾਂ ਲੋਕਾਂ ਨੂੰ ਪਾਸ ਲੈ ਕੇ ਬਾਹਰ ਨਿਕਲਣਾ ਪੈਂਦਾ ਪਰ ਅਜਿਹਾ ਨਹੀਂ ਹੈ। ਇਸ ਦੇ ਨਾਲ਼ ਹੀ ਉਨ੍ਹਾਂ ਦੇਸ਼ ਵਿਰੋਧੀ ਤਾਕਤਾਂ ਨੂੰ ਵੀ ਚੇਤਾਵਨੀ ਦਿੱਤੀ ਕਿ ਉਨ੍ਹਾਂ ਨੂੰ ਛੇਤੀ ਹੀ ਆਪਣੀ ਮਾਨਸਿਕਤਾ ਬਦਲਣੀ ਪਵੇਗੀ ਕਿ ਕੁਝ ਕਰਨ ਤੋਂ ਬਾਅਦ ਉਹ ਬਚ ਕੇ ਨਿਕਲ ਜਾਣਗੇ। ਉਨ੍ਹਾਂ ਨੂੰ ਰਾਸ਼ਟਰ ਵਿਰੋਧੀ ਗਤੀਵਿਧੀਆਂ ਲਈ ਕੀਮਤ ਚੁਕਾਉਣੀ ਪਵੇਗੀ।
ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਘਾਟੀ ਵਿੱਚ ਛੇਤੀ ਹੀ ਇੰਟਰਨੈੱਟ ਦੀ ਸੁਵਿਧਾ ਬਹਾਲ ਕੀਤੀ ਜਾਵੇਗੀ। ਇੱਕ ਵਾਰ ਕੋਸ਼ਿਸ਼ ਕੀਤੀ ਗਈ ਸੀ ਕਿ ਪਰ ਉਦੋਂ ਹੀ ਸੋਸ਼ਲ ਮੀਡੀਆ ਤੇ ਫ਼ਰਜ਼ੀ ਵੀਡੀਓ ਅੱਪਲੋਡ ਹੋਣ ਲੱਗ ਗਈਆਂ ਸਨ ਇਸ ਲਈ ਇਸ ਫ਼ੈਸਲੇ ਤੇ ਦੁਬਾਰਾ ਵਿਚਾਰ ਕੀਤਾ ਗਿਆ