ਨਵੀਂ ਦਿੱਲੀ: ਸਾਬਕਾ ਕੇਂਦਰੀ ਮੰਤਰੀ ਆਰਿਫ ਮੁਹੰਮਦ ਖਾਨ ਨੂੰ ਮੋਦੀ ਸਰਕਾਰ ਨੇ ਕੇਰਲ ਦਾ ਰਾਜਪਾਲ ਨਿਯੁਕਤ ਕੀਤਾ ਹੈ। ਇਸ ਦੇ ਨਾਲ ਹੀ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਆਰਿਫ ਮੁਹੰਮਦ ਖਾਨ ਸਣੇ 5 ਰਾਜਪਾਲਾਂ ਦੀਆਂ ਨਿਯੁਕਤੀਆਂ/ਤਬਾਦਲੇ ਨੂੰ ਮਨਜ਼ੂਰੀ ਦੇ ਦਿੱਤੀ ਹੈ।
5 ਸੁਬਿਆਂ ਵਿੱਚ ਨਵੇਂ ਰਾਜਪਾਲ ਨਿਯੁਕਤ - ਕੇਰਲ ਦੇ ਰਾਜਪਾਲ ਬਣੇ ਆਰਿਫ ਮੁਹੰਮਦ ਖਾਨ
ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਸਰਕਾਰ ਵਿੱਚ ਮੰਤਰੀ ਰਹੇ ਅਨੁਭਵੀ ਨੇਤਾ ਆਰਿਫ ਮੁਹੰਮਦ ਖਾਨ ਨੂੰ ਮੋਦੀ ਸਰਕਾਰ ਨੇ ਕੇਰਲ ਦਾ ਰਾਜਪਾਲ ਨਿਯੁਕਤ ਕੀਤਾ ਹੈ। ਆਰਿਫ ਮੁਹੰਮਦ ਖਾਨ 80 ਦੇ ਦਹਾਕੇ ਵਿੱਚ ਇੱਕ ਵੱਡੇ ਕਾਂਗਰਸੀ ਨੇਤਾ ਰਹੇ ਸਨ।
ਰਾਸ਼ਟਰਪਤੀ ਭਵਨ ਤੋਂ ਜਾਰੀ ਕੀਤੀ ਗਏ ਨਿਰਦੇਸ਼ ਮੁਤਾਬਕ ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਕਲਰਾਜ ਮਿਸ਼ਰਾ ਨੂੰ ਰਾਜਸਥਾਨ ਤਬਦੀਲ ਕਰ ਦਿੱਤਾ ਗਿਆ ਹੈ। ਕਲਰਾਜ ਮਿਸ਼ਰਾ ਹੁਣ ਰਾਜਸਥਾਨ ਦੇ ਰਾਜਪਾਲ ਹੋਣਗੇ। ਉੱਥੇ ਹੀ ਸੀਨੀਅਰ ਭਾਜਪਾ ਨੇਤਾ ਅਤੇ ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਭਗਤ ਸਿੰਘ ਕੋਸ਼ਯਾਰੀ ਨੂੰ ਮਹਾਰਾਸ਼ਟਰ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ। ਭਾਜਪਾ ਨੇਤਾ ਬੰਡਾਰੂ ਦੱਤਾਤ੍ਰੇਯ ਨੂੰ ਹਿਮਾਚਲ ਪ੍ਰਦੇਸ਼ ਦਾ ਰਾਜਪਾਲ ਬਣਾਇਆ ਗਿਆ ਹੈ। ਇਸੇ ਤਰ੍ਹਾਂ ਤਾਮਿਲਨਾਡੂ ਭਾਜਪਾ ਨੇਤਾ ਡਾ. ਤਾਮਿਲਿਸਾਈ ਸੁੰਦਰਾਜਨ ਨੂੰ ਤੇਲੰਗਾਨਾ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ ਆਰਿਫ ਮੁਹੰਮਦ ਖਾਨ ਨੇ ਮੋਦੀ ਸਰਕਾਰ ਦੇ ਤੀਹਰੇ ਤਾਲਕ ਨੂੰ ਗੈਰਕਾਨੂੰਨੀ ਘੋਸ਼ਿਤ ਕਰਨ ਦੇ ਫ਼ੈਸਲੇ ਦਾ ਸਮਰਥਨ ਕੀਤਾ ਸੀ। ਉੱਥੇ ਹੀ ਆਰਿਫ ਮੁਹੰਮਦ ਖਾਨ ਨੇ ਜੰਮੂ ਕਸ਼ਮੀਰ ਤੋਂ ਧਾਰਾ 370 ਖ਼ਤਮ ਕਰਨ ਦੇ ਕੇਂਦਰ ਸਰਕਾਰ ਦੇ ਫ਼ੈਸਲੇ ਦਾ ਵੀ ਸਮਰਥਨ ਕੀਤਾ ਸੀ। ਆਰਿਫ ਮੁਹੰਮਦ ਖਾਨ 80 ਦੇ ਦਹਾਕੇ ਵਿੱਚ ਇੱਕ ਵੱਡੇ ਕਾਂਗਰਸੀ ਨੇਤਾ ਹੁੰਦੇ ਸਨ।